ਨਵੇਂ ਸਾਲ ਦੇ ਨਾਲ ਹੀ ਦੇਸ਼ ਭਰ ਦੇ ਕਈ ਸ਼ਹਿਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ ਅਤੇ ਕਈ ਥਾਵਾਂ ‘ਤੇ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਹਨ। ਟਰੱਕ ਅਤੇ ਬੱਸ ਅਪਰੇਟਰਾਂ ਸਬੰਧੀ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਤੇਲ ਟੈਂਕਰ ਯੂਨੀਅਨਾਂ ਦੇ ਡਰਾਈਵਰਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਕਿਹਾ ਜਾ ਰਿਹਾ ਹੈ ਕਿ ਜੇਕਰ ਟਰੱਕ ਡਰਾਈਵਰਾਂ ਦੀ ਹੜਤਾਲ ਜਾਰੀ ਰਹੀ ਤਾਂ ਸੰਕਟ ਵੱਧ ਸਕਦਾ ਹੈ। ਦੇਸ਼ ਭਰ ‘ਚ ਇਸ ਹੜਤਾਲ ਦਾ ਅਸਰ ਆਉਣ ਵਾਲੇ ਦਿਨਾਂ ‘ਚ ਦੁੱਧ, ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ‘ਤੇ ਦੇਖਣ ਨੂੰ ਮਿਲ ਸਕਦਾ ਹੈ।

ਦੱਸ ਦੇਈਏ ਕਿ ਟਰਾਂਸਪੋਰਟ ਸੈਕਟਰ ਨਾਲ ਜੁੜੇ ਟਰੱਕ ਡਰਾਈਵਰਾਂ ਨੇ ਸੋਧੇ ਹੋਏ ਮੋਟਰ ਵਹੀਕਲ ਐਕਟ ਨੂੰ ਲਾਗੂ ਕਰਨ ਦੇ ਖਿਲਾਫ ਸ਼ਨੀਵਾਰ ਤੋਂ ਹੜਤਾਲ ਕਰ ਦਿੱਤੀ ਹੈ, ਜਿਸ ਵਿੱਚ ਸੜਕ ਦੁਰਘਟਨਾ ਦੇ ਮਾਮਲੇ ਵਿੱਚ 10 ਸਾਲ ਦੀ ਕੈਦ ਜਾਂ 1 ਲੱਖ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਹੈ। ਪੰਜਾਬ ਭਰ ‘ਚ ਪੈਟਰੋਲ ਡੀਜ਼ਲ ਟੈਂਕਰਾਂ ਦੀ ਚੱਲ ਰਹੀ ਹੜਤਾਲ ਕਾਰਨ ਕਈ ਪੈਟਰੋਲ ਪੰਪ ਡ੍ਰਾਈ ਹੋਣ ਦੀ ਕਗਾਰ ਉੱਤੇ ਹਨ।
ਜੇਕਰ ਗੱਲ ਕਰੀਏ ਮੋਗਾ ਦੀ ਤਾਂ ਮੋਗਾ ਪੈਟਰੋਲ ਪੰਪ ਸੰਸਥਾ ਦੇ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਮੋਗਾ ਦੇ ਕਰੀਬ 7 ਤੋਂ 8 ਪੰਪ ਡ੍ਰਾਈ ਪਏ ਹਨ। ਕਈ ਪੰਪ ਡ੍ਰਾਈ ਦੀ ਕਗਾਰ ‘ਤੇ ਹਨ। ਮੋਗਾ ‘ਚ 156 ਦੇ ਕਰੀਬ ਪੈਟਰੋਲ ਪੰਪ ਹਨ।
ਜਲੰਧਰ ਤੋਂ ਇੰਡੀਅਨ ਆਇਲ ਦੇ 400, ਹਿੰਦੁਸਤਾਨ ਪੈਟਰੋਲੀਅਮ ਦੇ 100 ਅਤੇ ਭਾਰਤ ਪੈਟਰੋਲੀਅਮ ਦੇ 200 ਟੈਂਕਰ ਵੱਖ-ਵੱਖ ਜ਼ਿਲ੍ਹਿਆਂ ਨੂੰ ਪੈਟਰੋਲ ਅਤੇ ਡੀਜ਼ਲ ਸਪਲਾਈ ਕਰਦੇ ਹਨ। ਹੜਤਾਲ ਕਾਰਨ ਹੁਣ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਠੱਪ ਹੋ ਗਈ ਹੈ। ਜਲੰਧਰ ਤੋਂ ਫ਼ਿਰੋਜ਼ਪੁਰ, ਸਰਹਿੰਦ, ਮੋਹਾਲੀ, ਚੰਡੀਗੜ੍ਹ, ਮੋਗਾ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਜਗਰਾਉਂ, ਨਵਾਂਸ਼ਹਿਰ ਆਦਿ ਨੂੰ ਪੈਟਰੋਲ ਅਤੇ ਡੀਜ਼ਲ ਸਪਲਾਈ ਕੀਤਾ ਜਾਂਦਾ ਹੈ।
ਦੱਸ ਦੇਈਏ ਕਿ ਮੌਜੂਦਾ ਕਾਨੂੰਨ ਦੇ ਮੁਤਾਬਕ ਜੇਕਰ ਕੋਈ ਟਰੱਕ ਡਰਾਈਵਰ ਕੋਈ ਹਾਦਸਾ ਕਰਦਾ ਹੈ ਤਾਂ ਉਸ ‘ਤੇ ਆਈਪੀਸੀ ਦੀ ਧਾਰਾ 279, 304ਏ ਅਤੇ 338 ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਹੈ। ਇਸ ਅਪਰਾਧ ਵਿੱਚ ਡਰਾਈਵਰ ਨੂੰ 2 ਸਾਲ ਦੀ ਸਜ਼ਾ ਹੋ ਸਕਦੀ ਹੈ। ਇੰਨਾ ਹੀ ਨਹੀਂ ਕਿਸੇ ਖਾਸ ਮਾਮਲੇ ਵਿੱਚ ਪੁਲਿਸ ਡਰਾਈਵਰ ਦੇ ਖਿਲਾਫ ਆਈਪੀਸੀ ਦੀ ਧਾਰਾ 302 ਵੀ ਜੋੜਦੀ ਹੈ।
ਨਵੇਂ ਕਾਨੂੰਨ ਤਹਿਤ ਜੇਕਰ ਕੋਈ ਟਰੱਕ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਉਸ ਵਿਰੁੱਧ ਧਾਰਾ 104 (2) ਤਹਿਤ ਕੇਸ ਦਰਜ ਕੀਤਾ ਜਾਵੇਗਾ। ਜੇਕਰ ਇਸ ਤੋਂ ਬਾਅਦ ਉਹ ਪੁਲਿਸ ਜਾਂ ਮੈਜਿਸਟ੍ਰੇਟ ਨੂੰ ਸੂਚਿਤ ਨਹੀਂ ਕਰਦਾ ਤਾਂ ਉਸ ਨੂੰ ਜੁਰਮਾਨੇ ਸਮੇਤ 10 ਸਾਲ ਦੀ ਸਜ਼ਾ ਭੁਗਤਣੀ ਪਵੇਗੀ।
ਕੇਂਦਰ ਸਰਕਾਰ ਨੇ ਨਵਾਂ ਕਾਨੂੰਨ ਬਣਾਇਆ ਹੈ ਕਿ ਦੁਰਘਟਨਾ ਹੋਣ ‘ਤੇ ਟਰੱਕ ਅਤੇ ਬੱਸ ਡਰਾਈਵਰ ਨੂੰ 10 ਸਾਲ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਹੋਵੇਗਾ।