ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੇਰਲ ਦੇ ਵਾਇਨਾਡ ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ। ਉਹ ਵਿਸ਼ੇਸ਼ ਉਡਾਣ ਰਾਹੀਂ ਕੰਨੂਰ ਹਵਾਈ ਅੱਡੇ ਪੁੱਜੇ। ਕੰਨੂਰ ਤੋਂ ਪੀਐਮ ਮੋਦੀ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਵਾਇਨਾਡ ਗਏ।

    ਉਨ੍ਹਾਂ ਨੇ ਰਸਤੇ ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਚੂਰਾਮਾਲਾ, ਮੁੰਡਕਾਈ ਅਤੇ ਪੁੰਚੀਰੀਮੱਟਮ ਪਿੰਡਾਂ ਦਾ ਹਵਾਈ ਸਰਵੇਖਣ ਕੀਤਾ। ਮੋਦੀ ਨੇ ਉਹ ਜਗ੍ਹਾ ਵੀ ਵੇਖੀ ਜਿੱਥੋਂ 30 ਜੁਲਾਈ ਦੀ ਤਬਾਹੀ ਸ਼ੁਰੂ ਹੋਈ ਸੀ। ਇਰੁਵਾਝਿੰਜੀ ਪੁਜਾ ਨਦੀ ਵੀ ਇਸੇ ਥਾਂ ਤੋਂ ਸ਼ੁਰੂ ਹੁੰਦੀ ਹੈ।

    ਮੋਦੀ ਦਾ ਹੈਲੀਕਾਪਟਰ ਵਾਇਨਾਡ ਦੇ ਕਲਪੇਟਾ ਦੇ ਇਕ ਸਕੂਲ ‘ਚ ਉਤਰਿਆ, ਜਿੱਥੋਂ ਉਹ ਸੜਕ ਰਾਹੀਂ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ‘ਚ ਗਏ। ਮੋਦੀ ਉੱਥੇ ਬਚਾਅ ਕਾਰਜ ਦੀ ਜਾਣਕਾਰੀ ਲੈਣਗੇ। ਫਿਰ ਰਾਹਤ ਕੈਂਪਾਂ ਅਤੇ ਹਸਪਤਾਲਾਂ ਵਿੱਚ ਜ਼ਮੀਨ ਖਿਸਕਣ ਦੇ ਪੀੜਤਾਂ ਅਤੇ ਬਚੇ ਲੋਕਾਂ ਨੂੰ ਮਿਲਣਗੇ।

    ਇਸ ਤੋਂ ਬਾਅਦ ਪ੍ਰਧਾਨ ਮੰਤਰੀ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ, ਜਿੱਥੇ ਉਨ੍ਹਾਂ ਨੂੰ ਹਾਦਸੇ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਸੁਰੇਸ਼ ਗੋਪੀ ਵੀ ਪ੍ਰਧਾਨ ਮੰਤਰੀ ਦੇ ਨਾਲ ਵਾਇਨਾਡ ਗਏ ਹਨ।