ਰਾਮ ਨੌਮੀ ਦੇ ਮੌਕੇ ‘ਤੇ ਅੱਜ ਅਯੁੱਧਿਆ ‘ਚ ਰਾਮ ਲੱਲਾ ਦੇ ‘ਸੂਰਿਆ ਤਿਲਕ’ ਦਾ ਆਯੋਜਨ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਾਮ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਕੱਠ ਨੂੰ ਸੰਬੋਧਨ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਅਭਿਸ਼ੇਕ ਨੂੰ ਹੈਲੀਕਾਪਟਰ ‘ਚ ਬੈਠ ਆਪਣੀ ਟੈਬ ‘ਤੇ ਦੇਖਿਆ। ਇਸ ਦੌਰਾਨ ਪੀਐਮ ਮੋਦੀ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਆਪਣੀ ਜੁੱਤੀ ਲਾਹ ਲਈ ਸੀ ਅਤੇ ਇੱਕ ਹੱਥ ਛਾਤੀ ‘ਤੇ ਰੱਖ ਕੇ ਰਾਮਲੱਲਾ ਦੇ ਦਰਸ਼ਨ ਕਰਦੇ ਦਿਸੇ।

    PM ਮੋਦੀ ਨੇ ਇਸ ਪਲ ਦੀਆਂ ਦੋ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਉਨ੍ਹਾਂ ਲਿਖਿਆ ਕਿ ਨਲਬਾੜੀ ਮੀਟਿੰਗ ਤੋਂ ਬਾਅਦ ਮੈਨੂੰ ਅਯੁੱਧਿਆ ਵਿੱਚ ਰਾਮਲੱਲਾ ਦੇ ਸੂਰਿਆ ਤਿਲਕ ਦੇ ਅਦਭੁਤ ਅਤੇ ਅਨੋਖੇ ਪਲ ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਸ਼੍ਰੀ ਰਾਮ ਜਨਮ ਭੂਮੀ ਦਾ ਇਹ ਬਹੁਤ ਉਡੀਕਿਆ ਪਲ ਸਾਰਿਆਂ ਲਈ ਖੁਸ਼ੀ ਦਾ ਪਲ ਹੈ। ਇਹ ਸੂਰਿਆ ਤਿਲਕ ਆਪਣੀ ਦੈਵੀ ਊਰਜਾ ਨਾਲ ਇਸ ਤਰ੍ਹਾਂ ਵਿਕਸਤ ਭਾਰਤ ਦੇ ਹਰ ਸੰਕਲਪ ਨੂੰ ਰੌਸ਼ਨ ਕਰੇਗਾ।

    ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਜਨਵਰੀ ਨੂੰ ਅਯੁੱਧਿਆ ‘ਚ ਨਵੇਂ ਮੰਦਰ ‘ਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਇਹ ਪਹਿਲੀ ਰਾਮ ਨੌਮੀ ਹੈ। ਦੁਪਹਿਰ ਕਰੀਬ 12 ਵਜੇ ਸੂਰਜ ਦੀਆਂ ਕਿਰਨਾਂ ਰਾਮਲੱਲਾ ਦੇ ਮੱਥੇ ‘ਤੇ ਪਈਆਂ ਅਤੇ ਸ਼ੀਸ਼ੇ ਅਤੇ ਲੈਂਸਾਂ ਨਾਲ ਜੁੜੇ ਇੱਕ ਵਿਸਥਾਰਤ ਤੰਤਰ ਰਾਹੀਂ ‘ਸੂਰਿਆ ਤਿਲਕ’ ਲਗਾਇਆ ਗਿਆ। ਵਿਗਿਆਨੀਆਂ ਨੇ ਮੰਗਲਵਾਰ ਨੂੰ ਇਸ ਪ੍ਰਣਾਲੀ ਦਾ ਪ੍ਰੀਖਣ ਕੀਤਾ। ਇਸ ਨੂੰ “ਸੂਰਿਆ ਤਿਲਕ ਪ੍ਰੋਜੈਕਟ” ਦਾ ਨਾਮ ਦਿੱਤਾ ਗਿਆ ਸੀ।

    ਇਸ ਤੋਂ ਪਹਿਲਾਂ ਕੌਂਸਿਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ (CSIR)-CBRI ਰੁੜਕੀ ਦੇ ਵਿਗਿਆਨੀ ਡਾ.ਐਸ.ਕੇ. ਪਾਨੀਗ੍ਰਹੀ ਨੇ ਦੱਸਿਆ ਕਿ “ਸੂਰਿਆ ਤਿਲਕ ਪ੍ਰਾਜੈਕਟ ਦਾ ਮੂਲ ਉਦੇਸ਼ ਰਾਮ ਨੌਮੀ ਵਾਲੇ ਦਿਨ ਸ਼੍ਰੀ ਰਾਮ ਦੀ ਮੂਰਤੀ ਦੇ ਮੱਥੇ ‘ਤੇ ਤਿਲਕ ਲਗਾਉਣਾ ਹੈ। ਇਸ ਪ੍ਰਾਜੈਕਟ ਤਹਿਤ ਰਾਮ ਨੌਮੀ ਵਾਲੇ ਦਿਨ ਦੁਪਹਿਰ ਸਮੇਂ ਭਗਵਾਨ ਰਾਮ ਦੇ ਮਸਤਕ ‘ਤੇ ਸੂਰਜ ਦੀ ਰੌਸ਼ਨੀ ਲਿਆਂਦੀ ਗਈ।

     

    ਉਨ੍ਹਾਂ ਦੱਸਿਆ ਕਿ ਸੂਰਜ ਤਿਲਕ ਪ੍ਰਾਜੈਕਟ ਤਹਿਤ ਹਰ ਸਾਲ ਚੇਤਰ ਮਹੀਨੇ ਦੀ ਸ਼੍ਰੀ ਰਾਮ ਨੌਮੀ ਮੌਕੇ ਦੁਪਹਿਰ 12 ਵਜੇ ਤੋਂ ਭਗਵਾਨ ਰਾਮ ਦੇ ਮੱਥੇ ‘ਤੇ ਸੂਰਜ ਦੀ ਰੋਸ਼ਨੀ ਨਾਲ ਤਿਲਕ ਲਗਾਇਆ ਜਾਵੇਗਾ ਅਤੇ ਇਸਦਿਨ ਹਰ ਸਾਲ ਅਸਮਾਨ ‘ਚ ਸੂਰਜ ਦੀ ਸਥਿਤੀ ਬਦਲ ਜਾਂਦੀ ਹੈ।