ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੋਮਵਾਰ ਨੂੰ ਵੇਰਕਾ ਬਾਈਪਾਸ ਇਲਾਕੇ ‘ਚ ਮੁਕਾਬਲੇ ਦੌਰਾਨ ਇਕ ਗੈਂਗਸਟਰ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ। ਦੋਸ਼ਈ ਦੀ ਪਛਾਣ ਸ਼ਿਵਮ ਸਿੰਘ ਵਜੋਂ ਹੋਈ ਹੈ, ਜਿਸ ਨੂੰ ਐਨਕਾਊਂਟਰ ਦੌਰਾਨ ਗੋਲੀਆਂ ਲੱਗੀਆਂ ਸਨ। ਪੁਲਿਸ ਨੇ ਜ਼ਖ਼ਮੀ ਮੁਲਜ਼ਮ ਨੂੰ ਤੁਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਸ਼ਿਵਮ ਸਿੰਘ ਖ਼ਿਲਾਫ਼ ਰਣਜੀਤ ਐਵੀਨਿਊ ਥਾਣੇ ਵਿੱਚ ਅਸਲਾ ਐਕਟ ਤਹਿਤ ਪਹਿਲਾਂ ਹੀ ਕੇਸ ਦਰਜ ਹੈ। ਇਸ ਤੋਂ ਇਲਾਵਾ ਉਸ ਵਿਰੁੱਧ ਚਾਰ ਹੋਰ ਗੰਭੀਰ ਅਪਰਾਧਿਕ ਮਾਮਲੇ ਵੀ ਦਰਜ ਹਨ। ਪੁਲਿਸ ਨੂੰ ਉਸ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਉਸ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।   ਸੋਮਵਾਰ ਨੂੰ ਜਦੋਂ ਪੁਲਿਸ ਨੇ ਵੇਰਕਾ ਬਾਈਪਾਸ ‘ਤੇ ਦੋਸ਼ੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਟੀਮ ਨੂੰ ਦੇਖ ਕੇ ਦੋਸ਼ੀ ਸ਼ਿਵਮ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ, ਜਿਸ ‘ਚ ਦੋਸ਼ੀ ਜ਼ਖਮੀ ਹੋ ਗਿਆ ਅਤੇ ਕਾਬੂ ਕਰ ਲਿਆ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਸ਼ਿਵਮ ਸਿੰਘ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਉਸ ਖ਼ਿਲਾਫ਼ ਅਸਲਾ ਐਕਟ ਸਮੇਤ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਦੋਸ਼ੀ ਦੇ ਹੋਰ ਅਪਰਾਧਿਕ ਸਾਥੀਆਂ ਦੀ ਭਾਲ ਲਈ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਉਸ ਦੇ ਨੈੱਟਵਰਕ ਨੂੰ ਤੋੜਨ ਲਈ ਕਾਰਵਾਈ ਕੀਤੀ ਜਾ ਰਹੀ ਹੈ।