ਜੈਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਰਵਾਰ ਨੂੰ ਇੱਥੇ ਪਾਰਕ ਸਥਿਤ ਜੰਤਰ-ਮੰਤਰ ਤੋਂ ਹਵਾ ਮਹਿਲ ਤਕ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੌਨ ਇਕ ਖੁਲ੍ਹੇ ਵਾਹਨ ਵਿਚ ਖੜੇ ਸਨ। ਦੋਹਾਂ ਆਗੂਆਂ ਨੇ ਸੜਕ ਦੇ ਦੋਵੇਂ ਪਾਸੇ ਖੜੀ ਭੀੜ ਦਾ ਪਿਆਰ ਕਬੂਲਿਆ। ਲੋਕਾਂ ਨੇ ‘ਮੋਦੀ ਮੋਦੀ’ ਦੇ ਨਾਹਰੇ ਵੀ ਲਾਏ। ਕਈ ਥਾਵਾਂ ’ਤੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਮੈਕਰੌਨ 26 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਹਨ।

    ਇਸ ਤੋਂ ਪਹਿਲਾਂ ਮੋਦੀ ਨੇ ਵੀਰਵਾਰ ਸ਼ਾਮ ਜੈਪੁਰ ਦੇ ਇਤਿਹਾਸਕ ਜੰਤਰ-ਮੰਤਰ ’ਤੇ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਨੇ ਹੱਥ ਮਿਲਾਇਆ ਅਤੇ ਇਕ ਦੂਜੇ ਨੂੰ ਗਰਮਜੋਸ਼ੀ ਨਾਲ ਗਲੇ ਲਗਾਇਆ। ਇਸ ਤੋਂ ਬਾਅਦ ਦੋਵੇਂ ਆਗੂਆਂ ਨੇ ਇਤਿਹਾਸਕ ਜੰਤਰ-ਮੰਤਰ ਦਾ ਦੌਰਾ ਕੀਤਾ ਅਤੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ।

    ਅਪਣੇ ਭਾਰਤ ਦੌਰੇ ਤਹਿਤ ਮੈਕਰੋਨ ਵੀਰਵਾਰ ਦੁਪਹਿਰ ਨੂੰ ਜੈਪੁਰ ਪਹੁੰਚੇ। ਮੈਕਰੋਨ ਦਾ ਹਵਾਈ ਅੱਡੇ ’ਤੇ ਰਾਜਪਾਲ ਕਲਰਾਜ ਮਿਸ਼ਰਾ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਸਵਾਗਤ ਕੀਤਾ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਮੋਦੀ ਸ਼ਾਮ ਨੂੰ ਜੈਪੁਰ ਪਹੁੰਚ ਗਏ। ਹਵਾਈ ਅੱਡੇ ਤੋਂ ਮੋਦੀ ਜੈਪੁਰ ਦੇ ਪਾਰਕ ਸਥਿਤ ਜੰਤਰ-ਮੰਤਰ ਲਈ ਰਵਾਨਾ ਹੋਏ। ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਲੋਕ ਅਤੇ ਸਕੂਲੀ ਬੱਚੇ ਉਨ੍ਹਾਂ ਦੇ ਸਵਾਗਤ ਲਈ ਖੜੇ ਸਨ। ਮੈਕਰੋਨ ਹਵਾਈ ਅੱਡੇ ਤੋਂ ਆਮੇਰ ਕਿਲੇ੍ਹ ਪਹੁੰਚੇ।

    ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੇ ਕਾਫ਼ਲੇ ਦਾ ਸਵਾਗਤ ਕੀਤਾ। ਮੈਕਰੋਨ ਨੇ ਕਈ ਥਾਵਾਂ ’ਤੇ ਹੱਥ ਹਿਲਾ ਕੇ ਬੱਚਿਆਂ ਦਾ ਪਿਆਰ ਕਬੂਲਿਆ। ਇੱਥੋਂ ਤਕ ਕਿ ਕਿਲ੍ਹੇ ਵਿਚ ਵੀ ਉਹ ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦੇ ਅਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੇ ਨਜ਼ਰ ਆਏ। ਕਿਲ੍ਹੇ ਵਿਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਵੀ ਮੌਜੂਦ ਸਨ। ਇੱਥੇ ਮੈਕਰੋਨ ਵੀ ਇਕ ਸਭਿਆਚਾਰਕ ਪ੍ਰੋਗਰਾਮ ਦੇਖਣ ਲਈ ਕੱੁਝ ਦੇਰ ਰੁਕੇ। ਇਸ ਤੋਂ ਬਾਅਦ ਮੈਕਰੋਨ ਜੰਤਰ-ਮੰਤਰ ਪਹੁੰਚੇ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਜਿਸ ਤੋਂ ਬਾਅਦ ਦੋਵਾਂ ਨੇ ਰੋਡ ਸ਼ੋਅ ਸ਼ੁਰੂ ਕੀਤਾ।