ਰਾਜਸਥਾਨ ਦੇ ਸੰਗਰੀਆ ਵਿਚ ਪ੍ਰਭਾਵਸ਼ਾਲੀ ਰੈਲੀਆਂ ਨੂੰ ਕੀਤਾ ਸੰਬੋਧਨ
ਰਾਜਸਥਾਨ ਦੇ ਸਿੱਖ ਆਗੂਆਂ ਨਾਲ ਪੁਸਤਕ ’ਸਿੱਖ ਅਤੇ ਮੋਦੀ: ਨੌ ਸਾਲਾਂ ਦਾ ਸਫਰ’ ਸਾਂਝੀ ਕੀਤੀ
ਨਵੀਂ ਦਿੱਲੀ, 6 ਅਕਤੂਬਰ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਵਾਸਤੇ ਜੋ ਕਦਮ ਚੁੱਕੇ ਹਨ, ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ 70 ਸਾਲਾਂ ਵਿਚ ਨਹੀਂ ਚੁੱਕ ਸਕੇ। ਇਹ ਪ੍ਰਗਟਾਵਾ ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।
ਰਾਜਸਥਾਨ ਦੇ ਸੰਗਰੀਆ ਸ਼ਹਿਰ ਵਿਚ ਪੰਚਾਇਤੀ ਧਰਮਸ਼ਾਲਾ ਸ਼ਿਵਬਾਡੀ ਸੰਗਰੀਆ ਅਤੇ ਗੁਰਦੁਆਰ ਸਿੰਘ ਸਭਾ ਸਾਹਿਬ ਪੋਸਟ ਆਫ ਰੋਡ ਸੰਗਰੀਆ ਵਿਖੇ ਪ੍ਰਭਾਵਸ਼ਾਲੀ ਰੈਲੀਆਂ ਨੂੰ ਸੰਬੋਧਨ ਕਰਦਿਆਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਿੱਖ ਕੌਮ 70 ਸਾਲਾਂ ਤੋਂ ਅਰਦਾਸਾਂ ਕਰ ਰਹੀ ਸੀ ਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇ। ਕਿਸੇ ਨੇ ਵੀ ਸਿੱਖ ਭਾਈਚਾਰੇ ਦੀ ਇੱਛਾ ਪੂਰੀ ਕਰਨ ਬਾਰੇ ਨਹੀਂ ਸੋਚਿਆ ਪਰ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਯੋਜਨਾ ਬਣਾ ਕੇ ਕਰਤਾਰਪੁਰ ਸਾਹਿਬ ਲਾਂਘਾ ਬਣਵਾਇਆ ਜਿਸ ਸਦਕਾ ਸਿੱਖ ਕੌਮ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪਰ ਸਾਹਿਬ ਦੇ ਦਰਸ਼ਨ ਕਰ ਸਕੇ ਹਨ। ਉਹਨਾਂ ਕਿਹਾ ਕਿ ਇਹ ਸਹੂਲਤ ਪ੍ਰਦਾਨ ਕਰਨ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਇਹ ਵੀ ਯਕੀਨੀ ਬਣਾਇਆ ਕਿ ਦਰਸ਼ਨਾਂ ਵਾਸਤੇ ਕਿਸੇ ਵੀਜ਼ਾ ਨਾ ਲੱਗੇ।
ਭਾਜਪਾ ਆਗੂ ਨੇ ਕਿਹਾ ਕਿ ਸਿੱਖਾਂ ਦਾ ਸ਼ਹਾਦਤਾਂ ਦਾ ਮਹਾਨ ਇਤਿਹਾਸ ਰਿਹਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਦੁਨੀਆਂ ਵਿਚ ਕੋਈ ਬਰਾਬਰੀ ਨਹੀਂ ਹੈ। ਉਹਨਾਂ ਕਿਹਾ ਕਿ ਇਹ ਸ੍ਰੀ ਮੋਦੀ ਹੀ ਹਨ ਜਿਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਕੌਮੀ ਦਿਵਸ ਮਨਾਉਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਦੇਸ਼ ਭਰ ਤੋਂ ਇਲਾਵਾ ਵਿਦੇਸ਼ਾਂ ਵਿਚ ਭਾਰਤੀ ਮਿਸ਼ਨਾਂ ਵਿਚ ਇਹ ਦਿਹਾੜਾ ਮਨਾਇਆ ਗਿਆ।
ਸਰਦਾਰ ਸਿਰਸਾ ਨੇ ਹੋਰ ਕਿਹਾ ਕਿ ਸਿੱਖ ਕੌਮ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦਾ ਨਿਆਂ ਉਡੀਕ ਰਹੀ ਸੀ। ਇਹ ਸ੍ਰੀ ਮੋਦੀ ਹਨ ਜਿਹਨਾਂ ਨੇ ਐਸ ਆਈ ਟੀ ਦਾ ਗਠਨ ਕੀਤਾ ਜਿਸਨੇ ਉਹਨਾਂ ਸਾਰੇ ਕੇਸਾਂ ਦੀ ਮੁੜ ਜਾਂਚ ਕੀਤੀ ਜਿਹਨਾਂ ਵਿਚ ਪ੍ਰਭਾਵਸ਼ਾਲੀ ਕਾਂਗਰਸੀ ਆਗੂ ਸ਼ਾਮਲ ਸਨ ਜਿਹਨਾਂ ਦੇ ਕੇਸ ਗਾਂਧੀ ਪਰਿਵਾਰ ਦੇ ਹੁਕਮਾਂ ਕਾਰਨ ਬੰਦ ਕਰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਮੁੜ ਜਾਂਚ ਦੇ ਨਤੀਜੇ ਵਜੋਂ ਦਿੱਲੀ ਵਿਚ ਸੱਜਣ ਕੁਮਾਰ ਤੇ ਹੋਰ ਦੋਸ਼ੀ ਜੇਲ੍ਹ ਗਏ। ਉਹਨਾਂ ਕਿਹਾ ਕਿ ਇਸੇ ਤਰੀਕੇ ਕਾਨਪੁਰ ਤੇ ਹੋਰ ਸ਼ਹਿਰਾਂ ਵਿਚ ਵੀ ਦੋਸ਼ੀ 39 ਸਾਲਾਂ ਬਾਅਦ ਜੇਲ੍ਹ ਗਏ।
ਸਰਦਾਰ ਸਿਰਸਾ ਨੇ ਪੁਸਤਕ ’ਸਿੱਖ ਅਤੇ ਮੋਦੀ: 9 ਸਾਲਾਂ ਦਾ ਸਫਰ’ ਪੁਸਤਕ ਵੀ ਰਾਜਸਥਾਨ ਦੇ ਸਿੱਖ ਆਗੂਆਂ ਨੂੰ ਭੇਂਟ ਕੀਤੀ ਤੇ ਦੱਸਿਆ ਕਿ ਇਸ ਕਿਤਾਬ ਵਿਚ ਉਹਨਾਂ ਸਾਰੇ ਕੰਮਾਂ ਦਾ ਵੇਰਵਾ ਹੈ ਜੋ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ 9 ਸਾਲਾਂ ਵਿਚ ਸਿੱਖ ਕੌਮ ਵਾਸਤੇ ਕੀਤੇ।
ਉਹਨਾਂ ਨੇ ਸਿੱਖ ਕੌਮ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਹੱਥ ਮਜ਼ਬੂਤ ਕਰਨ ਤਾ ਜੋ ਉਹ ਦੇਸ਼ ਨੂੰ ਹੋਰ ਬੁਲੰਦੀਆਂ ’ਤੇ ਲੈ ਕੇ ਜਾ ਸਕਣ।
ਇਸ ਤੋਂ ਪਹਿਲਾਂ ਸ੍ਰੀ ਸਿਰਸਾ ਦਾ ਰਤਨਪੁਰਾ ਰਾਜਸਥਾਨ ਜਾਂਦਿਆਂ ਸ਼ਰਨ ਪੈਟਰੋਲ ਪੰਪ ’ਤੇ ਸਥਾਨਕ ਸੰਗਤ ਨੇ ਨਿੱਘਾ ਸਵਾਗਤ ਕੀਤਾ। ਉਹ ਦੋ ਦਿਨਾਂ ਦੇ ਰਾਜਸਥਾਨ ਦੌਰੇ ’ਤੇ ਹਨ। ਉਹਨਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਚੀਮਾ ਤੇ ਹੋਰ ਆਗੂ ਵੀ ਸਨ।