ਜੇਕਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆਉਂਦੇ ਸ਼ਰਧਾਲੂਆਂ ਦੇ ਚਲਾਨ ਬੰਦ ਨਾ ਕੀਤੇ ਤਾਂ ਕੈਮਰੇ ਵੀ ਭੰਨਾਂਗੇ ਤੇ ਕੇਜਰੀਵਾਲ ਦੇ ਘਰ ਮੂਹਰੇ ਧਰਨਾ ਵੀ ਦੇਵਾਂਗੇ: ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਪਟੀਸ਼ਨ ਦਾ ਵਿਰੋਧ ਕਰਨ ਨਾਲ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਿੱਖ ਵਿਰੋਧੀ ਚੇਹਰਾ ਇਕ ਵਾਰ ਫਿਰ ਤੋਂ ਬੇਨਕਾਬ ਹੋ ਗਿਆ ਹੈ ਤੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਦਿੱਲੀ ਵਿਚ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਂਦੀ ਸੰਗਤ ਦੇ ਚਲਾਨ ਬੰਦ ਨਾ ਕੀਤੇ ਤਾਂ ਉਹ ਆਪ ਸਰਕਾਰ ਵੱਲੋਂ ਲਗਾਏ ਗਏ ਕੈਮਰਿਆਂ ਨੂੰ ਵੀ ਤੋੜਨਗੇ ਤੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਅੱਗੇ ਧਰਨਾ ਵੀ ਦੇਣਗੇ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਸਿੱਖ ਤੇ ਪੰਜਾਬੀ ਵਿਰੋਧੀ ਹੈ, ਇਹ ਜੱਗ ਜ਼ਾਹਰ ਹੈ। ਉਹਨਾਂ ਕਿਹਾ ਕਿ ਪਿਛਲੇ 27 ਸਾਲਾਂ ਤੋਂ ਜੇਲ੍ਹ ਵਿਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ’ਤੇ ਫੈਸਲਾ ਲੈਣ ਵਾਸਤੇ ਹੁੰਦੀ ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ ਹਰ ਵਾਰ ਆਨੇ ਬਹਾਨੇ ਟਾਲੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੁਣ ਤਾਂ ਅਰਵਿੰਦ ਕੇਜਰੀਵਾਲ ਸਰਕਾਰ ਦੇ ਵਕੀਲਾਂ ਨੇ ਅਦਾਲਤ ਵਿਚ ਪ੍ਰੋ. ਭੁੱਲਰ ਦੀ ਰਿਹਾਈ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਪਟੀਸ਼ਨ ਸੁਣਵਾਈਯੋਗ ਨਹੀਂ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਇਕ ਵਾਰ ਫਿਰ ਤੋਂ ਆਪ ਦਾ ਸਿੱਖ ਵਿਰੋਧੀ ਚੇਹਰਾ ਨੰਗਾ ਹੋਇਆ ਹੈ।
ਸਰਕਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਆਪ ਨੇ ਧੋਖੇ ਨਾਲ ਦਿੱਲੀ ਤੇ ਪੰਜਾਬ ਵਿਚ ਸਰਕਾਰ ਬਣਾਈ ਹੈ ਤੇ ਹੁਣ ਪੰਜਾਬ ਤੇ ਦਿੱਲੀ ਦੋਵਾਂ ਦੇ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨਾਲ ਠੱਗੀ ਵੱਜ ਗਈ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪਹਿਲਾਂ ਦਿੱਲੀ ਦੇ ਸਕੂਲਾਂ ਵਿਚੋਂ ਪੰਜਾਬੀ ਹਟਾਈ, ਫਿਰ ਪੰਜਾਬੀ ਦੇ ਬੋਰਡ ਦਿੱਲੀ ਵਿਚੋਂ ਹਟਾਏ ਤੇ ਪੰਜਾਬੀ ਵਿਧਾਇਕਾਂ ਵਿਚੋਂ ਕੋਈ ਮੰਤਰੀ ਨਹੀਂ ਬਣਾਇਆ। ਉਹਨਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਆਪ ਨੂੰ ਭਾਰੀ ਫਤਵਾ ਦਿੱਤਾ ਤੇ 92 ਵਿਧਾਇਕ ਬਣਾਏ ਪਰ ਮੁੱਖ ਮੰਤਰੀ ਭਗਵੰਤ ਮਾਨ ਡਰਾਮੇ ਦੇ ਰੋਲ ਮਾਡਲ ਬਣ ਕੇ ਰਹਿ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਕੱਲ੍ਹ ਸ੍ਰੀ ਦਰਬਾਰ ਸਾਹਿਬ ਵਿਚ ਨਸ਼ੇ ਖਤਮ ਕਰਨ ਦੀ ਅਰਦਾਸ ਤਾਂ ਕੀਤੀ ਪਰ ਇਹ ਐਲਾਨ ਨਹੀਂ ਕੀਤਾ ਕਿ ਪੰਜਾਬ ਵਿਚ ਸ਼ਰਾਬ ਬੰਦੀ ਕੀਤੀ ਜਾਵੇਗੀ ਤੇ ਸ਼ਰਾਬ ਦੇ ਸਾਰੇ ਠੇਕੇ ਬੰਦ ਕੀਤੇ ਜਾਣਗੇ। ਉਹਨਾਂ ਸਪਸ਼ਟ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਵਾਲੇ ਸਾਡੇ ਪੰਥ ਦਰਦੀਆਂ ਨਾਲ ਖਿਲਵਾੜ ਕਰਨਗੇ ਤਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਵੀ ਦਿਆਂਗੇ ਤੇ ਜਵਾਬ ਮੰਗਾਂਗੇ ਵੀ।
ਉਹਨਾਂ ਕਿਹਾ ਕਿ ਸਭ ਤੋਂ ਵੱਧ ਬੰਦੀ ਸਿੰਘ ਦਿੱਲੀ ਤੇ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਹਨ, ਇਸ ਲਈ ਅਸੀਂ ਦਿੱਲੀ ਤੇ ਪੰਜਾਬ ਦੋਵਾਂ ਸਰਕਾਰਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਿਉਂ ਕਰ ਰਹੇ ਹਨ। ਉਹਨਾਂ ਦੱਸਿਆ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਟਾਡਾ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ 2014 ਵਿਚ ਮਾਣਯੋਗ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿੱਤੀ ਸੀ। ਉਹਨਾਂ ਕਿਹਾ ਕਿ 14 ਸਾਲ ਦੀ ਸਜ਼ਾ ਦੇ ਮੁਕਾਬਲੇ ਦੁੱਗਣੀ ਸਜ਼ਾ ਪ੍ਰੋ. ਭੁੱਲਰ ਭੁਗਤ ਚੁੱਕੇ ਹਨ ਤੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਮੈਡੀਕਲ ਬੋਰਡਾਂ ਨੇ ਵੀ ਉਹਨਾਂ ਦੀ ਰਿਹਾਈ ਦੀ ਵਕਾਲਤ ਕੀਤੀ ਹੈ ਤੇ ਇਸਦਾ ਫੈਸਲਾ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਲੈਣਾ ਹੈ।
ਉਹਨਾਂ ਕਿਹਾ ਕਿ ਦਿੱਲੀ ਦੇ ਸਜ਼ਾ ਸਮੀਖਿਆ ਬੋਰਡ ਦੀ ਹਰ ਵਾਰ ਮੀਟਿੰਗ ਬਿਨਾਂ ਕੋਈਫੈਸਲਾ ਲਏ ਮੀਟਿੰਗਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ ਤੇ ਹਰ ਵਾਰੀ ਕੋਈ ਨਾ ਕੋਈ ਬਹਾਨਾ ਲਗਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਇਹਨਾਂ ਮਾਮਲਿਆਂ ’ਤੇ ਸਿਰਫ ਸਿਆਸੀ ਰੋਟੀਆਂ ਸੇਕ ਰਹੀ ਹੈ।
ਦੋਵਾਂ ਆਗੂਆਂ ਨੇ ਐਲਾਨ ਕੀਤਾ ਕਿ ਪ੍ਰੋ. ਭੁੱਲਰ ਦੇ ਕੇਸ ਦੀ ਅਗਲੀ ਸੁਣਵਾਈ ’ਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਲੀਗਲ ਟੀਮ ਵੱਲੋਂ ਕਾਨੂੰਨੀ ਤੌਰ ’ਤੇ ਜੋ ਵੀ ਸੰਭਵ ਹੋਇਆ, ਉਹ ਮਦਦ ਕੀਤੀ ਜਾਵੇਗੀ।
ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆਉਂਦੇ ਸ਼ਰਧਾਲੂਆਂ ਦੇ 20-20 ਹਜ਼ਾਰ ਰੁਪਏ ਦੇ ਚਲਾਨ ਦੀ ਗੱਲ ਕਰਦਿਆਂ ਸਰਕਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਸਾਡੀ ਦਿੱਲੀ ਦੇ ਪੁਲਿਸ ਕਮਿਸ਼ਨਰ ਨਾਲ ਵੀ ਗੱਲਬਾਤ ਹੋਈ ਹੈ ਤੇ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਉਹ ਸ਼ਰਧਾਲੂਆਂ ਦੇ ਚਲਾਨ ਨਹੀਂ ਕਰਨਾ ਚਾਹੁੰਦੀ ਪਰ ਆਮ ਆਦਮੀ ਪਾਰਟੀ ਦੇ ਕਬਜ਼ੇ ਵਾਲੀ ਸ਼ਾਹਜਹਾਂਬਾਦ ਰੀਡਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਮਨੀਸ਼ ਗੁਪਤਾ ਦੇ ਹੁਕਮਾਂ ’ਤੇ ਇਹ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਹਨ ਜਿਸ ਕਾਰਨ ਚਲਾਨ ਕਰਨੇ ਪੈ ਰਹੇਹਨ। ਉਹਨਾਂ ਕਿਹਾਕਿ ਗੁਪਤਾ ਇਸ ਮਾਮਲੇ ’ਤੇ ਕੋਈ ਆਈ ਗਈ ਨਹੀਂ ਦੇ ਰਹੇ ਤੇ ਜਦੋਂ ਗੱਲ ਕਰੋ ਤਾਂ ਉਹ ਪੀ ਡਬਲਿਊ ਡੀ, ਦਿੱਲੀ ਪੁਲਿਸ ਤੇ ਟਰੈਫਿਕ ਪੁਲਿਸ ’ਤੇ ਜ਼ਿੰਮੇਵਾਰੀ ਪਾ ਦਿੰਦੇ ਹਨ।
ਉਹਨਾਂ ਸਪਸ਼ਟ ਐਲਾਨ ਕੀਤਾ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਇਹ ਸੀ ਸੀ ਟੀ ਵੀ ਕੈਮਰੇ ਨਾ ਹਟਾਏ ਤੇ ਸੰਗਤਾਂ ਦੇ ਚਲਾਨ ਬੰਦ ਨਾ ਕੀਤੇ ਤਾਂ ਉਹ ਇਹ ਕੈਮਰੇ ਵੀ ਤੋੜ ਦੇਣਗੇ ਤੇ ਸੰਗਤਾਂ ਦੇ ਨਾਲ ਮਿਲ ਕੇ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਧਰਨਾ ਵੀ ਦੇਣਗੇ ਭਾਵੇਂ ਉਹਨਾਂ ਨੂੰ ਜੋ ਮਰਜ਼ੀ ਸਜ਼ਾ ਹੋ ਜਾਵੇ।