ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਵਿਪਨ ਮਿਤੱਲ) “ਦੇਸ਼ ਦੇ ਹਰ ਵੋਟਰ ਨੂੰ ਆਪਣੀ ਵੋਟ ਦੀ ਸਹੀ ਅਤੇ ਲਾਜ਼ਮੀ ਵਰਤੋਂ ਕਰਨੀ ਚਾਹੀਦੀ ਹੈ। ਪੂਰੀ ਸੋਚ ਸਮਝ ਕੇ ਅਤੇ ਦੇਸ਼ ਅਤੇ ਜਨਤਾ ਦਾ ਭਲਾ ਚਾਹੁਣ ਵਾਲੇ ਉਮੀਦਵਾਰ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ।” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤੀਜਾ ਪੰਜਾਬ, ਯਾਰ ਮੇਰਾ ਰੱਬ ਵਰਗਾ ਅਤੇ ਯਾਰ ਬੇਲੀ ਆਦਿ ਸਮੇਤ ਵੀਹ ਦੇ ਕਰੀਬ ਪੰਜਾਬੀ ਫਿਲਮਾਂ ਵਿਚ ਰੋਲ ਅਦਾ ਕਰ ਚੁੱਕੇ ਸਥਾਨਕ ਨਿਵਾਸੀ ਗੁਰਜੰਟ ਜਟਾਣਾ ਨੇ ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨਾਲ ਗੱਲਬਾਤ ਦੌਰਾਨ ਕੀਤਾ। ਇਸੇ ਤਰ੍ਹਾਂ ਸ਼ਹਿਰ ਦੇ ਜੰਮਪਲ ਅਤੇ ਵਸਨੀਕ ਬਾਲੀਵੁਡ ਅਦਾਕਾਰ ਹੈਰੀ ਸਚਦੇਵਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਪੂਰੀ ਇਮਾਨਦਾਰੀ ਨਾਲ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ। ਵੋਟ ਪਾ ਕੇ ਸਾਨੂੰ ਆਪਣਾ ਸੰਵਿਧਾਨਕ ਹੱਕ ਅਦਾ ਕਰਨਾ ਚਾਹੀਦਾ ਹੈ। ਪ੍ਰਸਿਧ ਐਂਕਰ ਰੇਡੀਓ ਅਤੇ ਟੀ.ਵੀ. ਆਰਟਿਸਟ ਮਿਸ ਨੈਣਾ ਅਰੋੜਾ ਨੇ ਮਿਸ਼ਨ ਦੇ ਮਾਧਿਅਨ ਤੋਂ ਵੋਟਰਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ ਦੇਸ਼ ਦਾ ਸਭ ਤੋਂ ਵੱਡਾ ਅਤੇ ਪਵਿੱਤਰ ਉਤਸਵ ਹੈ। ਸਾਨੂੰ ਸਾਰਿਆਂ ਨੂੰ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੀ ਮਿਸ ਨੈਣਾ ਅਰੋੜਾ ਨੇ ਅੱਗੇ ਕਿਹਾ ਕਿ ਵੋਟ ਪਾਉਣ ਨਾਲ ਸਾਡਾ ਲੋਕਤੰਤਰ ਵਿਚ ਵਿਸ਼ਵਾਸ ਹੋਰ ਵੀ ਪੱਕਾ ਹੁੰਦਾ ਹੈ। ਪਿਛਲੇ ਦਿਨੀਂ ਸ਼ਹਿਰ ਵਿਚ ਕਰਵਾਏ ਗਏ ‘ਭਰਤ ਮਿਲਾਪ ਉਤਸਵ’ ਮੌਕੇ ਭਰਤ ਦੀ ਭੂਮਿਕਾ ਨਿਭਾਉਣ ਵਾਲੇ ਅਤੇ ਫਿਲਮ ਇੰਡਸਟਰੀ ਨਾਲ ਜੁੜੇ ਸਥਾਨਕ ਸ਼ਹਿਰ ਨਿਵਸੀ ਜਗਦੀਸ਼ ਜੋਸ਼ੀ ਨੇ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਵੋਟ ਦੀ ਸਹੀ ਵਰਤੋਂ ਕਰਕੇ ਦੇਸ਼ ਦੇ ਲੋਕਤੰਤਰ ਨੂੰ ਮਜਬੂਤ ਕਰਨ ਵਿਚ ਆਪਣਾ ਕੀਮਤੀ ਯੋਗਦਾਨ ਪਾਉਣਾ ਚਾਹੀਦਾ ਹੈ। ਸਾਨੂੰ ਸ਼ਾਰਿਆਂ ਨੂੰ “ਵੋਟ ਪਾਓ ਸੋਚ ਕੇ, ਲੋਕਤੰਤਰ ’ਤੇ ਪਹਿਰਾ ਦਿਓ ਠੋਕ ਕੇ׏” ਦੇ ਸਿਧਾਂਤ ਉਪਰ ਅਮਲ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਫਿਲਮ ਇੰਡਸਟਰੀ ਵਿਚ ਛੋਟੀਆਂ ਭੂਮਿਕਾਵਾਂ ਅਤੇ ਗੀਤਾਂ ਦਾ ਐਲਬਮ ਬਣਾਉਣ ਵਾਲੇ ਪੀਤਾਂਬਰ ਕਮਰਾ ਨੇ ਲੋਕਾਂ ਨੂੰ ਹਰ ਹਾਲਤ ’ਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਵੋਟ ਪਾਉਣ ਨਾਲ ਸਾਰਿਆਂ ਦਾ ਲੋਕਤੰਤਰ ਅੰਦਰ ਵਿਸ਼ਵਾਸ ਹੋਰ ਵੀ ਮਜਬੂਤ ਹੁੰਦਾ ਹੈ।