ਫਿਰੋਜ਼ਪੁਰ ( ਜਤਿੰਦਰ ਪਿੰਕਲ ):- ਫਿਰੋਜ਼ਪੁਰ ਪੁਲਿਸ ਦੀ ਨਸ਼ਾ ਤਸਕਰਾਂ, ਲੁਟੇਰਿਆਂ ਤੇ ਚੋਰਾਂ ਨਾਲ ਗੰਢਤੁੱਪ ਦੇ ਚੱਲਦਿਆਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਅਮਲ ਵਿੱਚ ਲਿਆਉਣ ਦੀ ਬਜਾਏ ਉਲਟਾ ਪੀੜਤ ਲੋਕਾਂ ਨੂੰ ਦਬਾਉਣ ਅਤੇ ਪੀੜਤ ਲੋਕਾਂ ਦੀ ਆਵਾਜ਼ ਬਣਦੇ ਪੱਤਰਕਾਰ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੇ ਵਿਰੋਧ ਵਿੱਚ ਅੱਜ ਸਮੁੱਚਾ ਪੱਤਰਕਾਰ ਭਾਈਚਾਰਾ ਦੂਸਰੀ ਵਾਰ ਸੜਕਾਂ ‘ਤੇ ਉੱਤਰਿਆ ਅਤੇ ਫਿਰੋਜ਼ਪੁਰ ਪੁਲਿਸ ਦੀਆਂ ਵਧੀਕੀਆਂ ਖ਼ਿਲਾਫ਼ ਫਿਰੋਜ਼ਪੁਰ ਛਾਉਣੀ ਦੇ ਬਜ਼ਾਰਾਂ ਵਿੱਚ ਜ਼ਬਰਦਸਤ ਰੋਸ ਮੁਜ਼ਾਹਰਾ ਕਰਦਿਆਂ ਲਾਈਟਾਂ ਵਾਲੇ ਚੌਕ ਵਿੱਚ ਧਰਨਾ ਦੇ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ। ਸਤਲੁੱਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਸੱਦੇ ‘ਤੇ ਫਿਰੋਜ਼ਪੁਰ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਕੀਤੀ ਦੂਸਰੀ ਪੋਲ ਖੋਲ੍ਹ ਰੈਲੀ ਵਿੱਚ ਜ਼ਿਲ੍ਹੇ ਭਰ ਦੀਆਂ ਪ੍ਰੈਸ ਕਲੱਬਾਂ ਤੋਂ ਪੱਤਰਕਾਰ ਭਾਈਚਾਰੇ, ਪੁਲਿਸ ਦੀਆਂ ਵਧੀਕੀਆਂ ਤੋਂ ਪੀੜਤਾਂ, ਵੱਖ ਵੱਖ ਮੁਲਾਜ਼ਮ ਜੱਥੇਬੰਦੀਆਂ, ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ, ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਰੋਸ ਪ੍ਰਦਰਸ਼ਨ ਦੌਰਾਨ ਨਿੱਤ ਦਿਹਾੜੇ ਲੁੱਟਾਂ ਖੋਹਾਂ ਦਾ ਸ਼ਿਕਾਰ ਹੋ ਰਹੇ ਅਤੇ ਪੁਲਿਸੀਆ ਕਾਰਗੁਜ਼ਾਰੀ ਤੋਂ ਮਾਯੂਸ ਫਿਰੋਜ਼ਪੁਰ ਛਾਉਣੀ ਦੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨਕਾਰੀ ਪੱਤਰਕਾਰ ਭਾਈਚਾਰੇ ਦੀ ਹਮਾਇਤ ਵਿੱਚ ਉੱਤਰਦਿਆਂ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ।
ਸਤਲੁੱਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਤੇ ਚੇਅਰਮੈਨ ਵਿਜੇ ਸ਼ਰਮਾ ਦੀ ਅਗਵਾਈ ਵਿੱਚ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਲਾਈਟਾਂ ਵਾਲੇ ਚੌਕ ਵਿੱਚ ਕੀਤੀ ਪੋਲ ਖੋਲ੍ਹ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਫਿਰੋਜ਼ਪੁਰ ਵਿੱਚ ਵਧੀਆਂ ਲੁੱਟਾਂ ਖੋਹਾਂ, ਨਸ਼ਿਆਂ ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਇਨਸਾਫ਼ ਲੈਣ ਲਈ ਪੁਲਿਸ ਦਰਬਾਰ ਪਹੁੰਚਦੇ ਪੀੜਤਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰੀ ਅਧਿਕਾਰੀਆਂ, ਕਰਮਚਾਰੀਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪੱਤਰਕਾਰ ਭਾਈਚਾਰੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਕਾਰਜਸ਼ੈਲੀ ਵਿੱਚ ਸੁਧਾਰ ਲਿਆਉਣਾ ਅਤੇ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ ਨਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਣ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਜਿਹੜਾ ਕਿ ਪੁਲਿਸ ਵੱਲੋਂ ਪਿਛਲੇ ਕੁਝ ਸਮੇਂ ਤੋਂ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪੱਤਰਕਾਰ ਭਾਈਚਾਰੇ ਨੂੰ ਫੀਲਡ ਵਿੱਚ ਦਰਪੇਸ਼ ਸਮੱਸਿਆਵਾਂ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਕੀਤੀ ਜਾ ਰਹੀ ਬੇਲੋੜੀ ਦੇਰੀ ਅਤੇ ਪੁਲਿਸ ਵਧੀਕੀਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਅੱਕੇ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਵੱਲੋਂ ਵੱਖ ਵੱਖ ਜੱਥੇਬੰਦੀਆਂ ਦੇ ਸਹਿਯੋਗ ਨਾਲ ਇਸ ਤੋਂ ਪਹਿਲਾਂ ਵੀ ਬੀਤੀ 12 ਦਸੰਬਰ ਨੂੰ ਫਿਰੋਜ਼ਪੁਰ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ ਜਿਸ ਤੋਂ ਬਾਅਦ ਇੱਕ ਵਾਰ ਫਿਰ ਪੱਤਰਕਾਰ ਭਾਈਚਾਰੇ ਨੂੰ ਸੜਕਾਂ ‘ਤੇ ਉੱਤਰਣਾ ਪਿਆ ਹੈ। ਬੁਲਾਰਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਵੀ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ ਅਤੇ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਐੱਸ ਐੱਸ ਪੀ ਫਿਰੋਜ਼ਪੁਰ ਦਫ਼ਤਰ ਦਾ ਘੇਰਾਓ ਕਰਨ ਦੇ ਨਾਲ ਨਾਲ ਸੜਕੀ ਆਵਾਜਾਈ ਠੱਪ ਕੀਤੀ ਜਾਵੇਗੀ, ਜਿਸ ਦੀ ਨਿਰੋਲ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਫਿਰੋਜ਼ਪੁਰ ਦੀਆਂ ਪ੍ਰੈਸ ਕਲੱਬਾਂ ਤੋਂ ਇਲਾਵਾ ਮਮਦੋਟ, ਗੁਰਹਰਸਹਾਏ, ਜੀਰਾ, ਤਲਵੰਡੀ ਭਾਈ, ਮੱਖੂ, ਮੱਲਾਂਵਾਲਾ, ਮੁੱਦਕੀ ਆਦਿ ਕਸਬਿਆਂ ਦੀਆਂ ਪ੍ਰੈਸ ਕਲੱਬਾਂ, ਐੱਨ.ਆਰ.ਐੱਮ.ਯੂ, ਤਾਲਮੇਲ ਕਮੇਟੀ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ, ਮਲਟੀਪਰਪਲਜ਼ ਹੈਲਥ ਮੇਲ-ਫੀਮੇਲ ਵਰਕਰ ਯੂਨੀਅਨ, ਟੀ.ਐੱਸ.ਯੂ, ਨੀਮਾ ਯੂਨੀਅਨ, ਵਪਾਰ ਮੰਡਲ ਫ਼ਿਰੋਜ਼ਪੁਰ ਛਾਉਣੀ, ਬ੍ਰਹਾਮਣ ਸਭਾ ਫ਼ਿਰੋਜ਼ਪੁਰ ਛਾਉਣੀ, ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ, ਸਬਜ਼ੀ ਮੰਡੀ ਫ਼ਿਰੋਜ਼ਪੁਰ ਛਾਉਣੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੀ.ਐੱਸ.ਟੀ.ਯੂ
ਆਦਿ ਜੱਥੇਬੰਦੀਆਂ ਦੇ ਨੁੰਮਾਇੰਦਿਆਂ ਤੋਂ ਇਲਾਵਾ ਫਿਰੋਜ਼ਪੁਰ ਵਾਸੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।