ਕੋਟਕਪੂਰਾ ਦੇ ਥਾਣਾ ਸਦਰ ਦੇ ਐਸਐਚਓ ਸਬ ਇੰਸਪੈਕਟਰ ਚਮਕੌਰ ਸਿੰਘ ਵੱਲੋਂ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਦੇ ਨਾਲ ਦੁਰਵਿਵਹਾਰ ਕੀਤੇ ਜਾਣ ਨੂੰ ਲੈ ਕੇ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਚੌਂਕ ਵਿੱਚ ਚਾਰੇ ਪਾਸੇ ਬੱਸਾਂ ਖੜੀਆਂ ਕਰਕੇ ਜਾਮ ਲਾਇਆ ਗਿਆ। ਧਰਨੇ ’ਤੇ ਬੈਠੇ ਮੁਲਾਜ਼ਮਾਂ ਨੇ ਦੱਸਿਆ ਕਿ ਆਪਣੇ ਸਾਥੀ ਮੁਲਾਜ਼ਮ ਨਾਲ ਕੁੱਟਮਾਰ ਕੀਤੇ ਜਾਣ ਦੇ ਮਾਮਲੇ ਵਿੱਚ ਕਾਰਵਾਈ ਕਰਾਉਣ ਲਈ ਥਾਣਾ ਸਦਰ ‘ਚ ਐਸਐਚਓ ਨਾਲ ਮੁਲਾਕਾਤ ਕਰਨ ਆਏ ਸਨ ਜਿੱਥੇ ਕਿ ਐਸਐਚਓ ਵੱਲੋਂ ਮੁਲਾਜ਼ਮ ਆਗੂਆਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ।
ਉਨਾਂ ਨੂੰ ਹਵਾਲਾਤ ਵਿੱਚ ਬੰਦ ਕਰਨ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਮਸਲਾ ਵਧ ਗਿਆ ਅਤੇ ਮੁਲਾਜ਼ਮਾਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਮੁੱਖ ਚੌਂਕ ਵਿੱਚ ਜਾਮ ਲਾ ਕੇ ਧਰਨਾ ਦਿੱਤਾ। ਇਸ ਮੌਕੇ ਤੇ ਪੁੱਜੇ ਥਾਣਾ ਸਿਟੀ ਕੋਟਕਪੂਰਾ ਦੇ ਐਸਐਚਓ ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਮੁਲਾਜ਼ਮਾਂ ਨੇ ਜਾਮ ਹਟਾਇਆ।
ਇਸ ਮੌਕੇ ਤੇ ਇਹ ਗੱਲਬਾਤ ਕਰਦੇ ਹੋਏ ਪੀਆਰਟੀਸੀ ਮੁਲਾਜ਼ਮ ਆਗੂ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਇੱਕ ਸਾਥੀ ਦੇ ਨਾਲ ਹੋਈ ਕੁੱਟਮਾਰ ਦੇ ਮਸਲੇ ਦੇ ਵਿੱਚ ਥਾਣਾ ਸਦਰ ਦੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਵਾਸਤੇ ਪੁੱਜੇ ਸਨ ਜਿੱਥੇ ਕਿ ਐਸਐਚਓ ਵੱਲੋਂ ਉਨਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ।ਉਹਨਾਂ ਕਿਹਾ ਕਿ ਜੇਕਰ ਮੁਲਾਜ਼ਮ ਨਾਲ ਹੋਈ ਕੁੱਟਮਾਰ ਦੇ ਮਾਮਲੇ ਦੇ ਵਿੱਚ ਮੁਲਜ਼ਮਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਅਤੇ ਐਸਐਚਓ ਖਿਲਾਫ ਬਣਦੀ ਕਾਰਵਾਈ ਨਾ ਹੋਈ ਤਾਂ ਉਹ ਮੁੜ ਤੋਂ ਸੰਘਰਸ਼ ਕਰਨਗੇ।