ਪੰਜਾਬ ਵਿਚ ਅਪ੍ਰੈਲ ਮਹੀਨੇ ਛੁੱਟੀਆਂ ਦਾ ਸਿਲਸਲਾ ਜਾਰੀ ਹੈ। ਕਈ ਵੱਡੇ ਧਾਰਮਿਕ ਅਤੇ ਰਾਸ਼ਟਰੀ ਮੌਕਿਆਂ ਉਤੇ ਰਾਜ ਭਰ ਦੇ ਸਕੂਲਾਂ, ਕਾਲਜਾਂ ਅਤੇ ਦਫਤਰਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ। ਹੁਣ ਇੱਕ ਹੋਰ ਛੁੱਟੀ ਆ ਰਹੀ ਹੈ, ਜਿਸ ਨਾਲ ਗਰਮੀ ਦੇ ਮੌਸਮ ਵਿਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੇਗੀ। ਸੂਬੇ ਵਿਚ 29 ਅਪ੍ਰੈਲ ਮੰਗਲਵਾਰ ਨੂੰ ਛੁੱਟੀ ਰਹੇਗੀ। ਜਾਣਕਾਰੀ ਅਨੁਸਾਰ ਇਸ ਦਿਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਵਿਭਾਗ ਬੰਦ ਰਹਿਣਗੇ। ਦੱਸ ਦਈਏ ਕਿ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ 29 ਅਪ੍ਰੈਲ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਧਰ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੇ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿੱਖਿਆ ਬੋਰਡ ਨੇ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਅਤੇ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਭਵਿੱਖ ਵਿੱਚ ਬਹੁਤ ਜ਼ਿਆਦਾ ਗਰਮੀ ਪੈਣ ਦੀ ਸੰਭਾਵਨਾ ਹੈ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਹੀਟ ਵੇਵ ਦੀ ਰੋਕਥਾਮ ਅਤੇ ਪ੍ਰਬੰਧਨ ਨਾਲ ਸਬੰਧਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ, ਸਰੀਰਕ ਸਿੱਖਿਆ ਦੀ ਕਲਾਸ ਜਾਂ ਕਲਾਸਰੂਮ ਵਿੱਚ ਦੱਸੀਆਂ ਜਾਣੀਆਂ ਚਾਹੀਦੀਆਂ ਹਨ।