ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਵਿਪਨ ਮਿੱਤਲ ) ਪੰਜਾਬ ਸਰਕਾਰ ਵੱਲੋਂ ਆਪਣੇ ਰੈਗੂਲਰ ਗਰੁੱਪ ਡੀ ਦੇ ਕਰਮਚਾਰੀਆਂ ਦੀਆਂ ਗਰੁੱਪ ਸੀ ਵਿਚ ਵਿਭਾਗੀ ਤਰੱਕੀਆਂ ਕਰਨ ਲਈ ਨਿਯਮ ਅਤੇ ਹਿਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਇਹਨਾਂ ਨਿਯਮਾਂ ਅਨੁਸਾਰ ਗਰੁੱਪ ਡੀ ਤੋਂ ਗਰੁੱਪ ਸੀ ਵਿਚ ਪ੍ਰਮੋਟ ਹੋਏ ਕਰਮਚਾਰੀਆਂ ਨੂੰ ਇਕ ਸਾਲ ਦੇ ਅੰਦਰ ਟਾਇਪ ਟੈਸਟ ਕਲੀਅਰ ਕਰਨਾ ਹੁੰਦਾ ਹੈ। ਸਬੰਧਤ ਕਰਮਚਾਰੀ ਵੱਲੋਂ ਇਹ ਟੈਸਟ ਪਾਸ ਨਾ ਕੀਤੇ ਜਾਣ ਦੀ ਸੂਰਤ ਵਿਚ ਇਹ ਤਰੱਕੀ ਜਾਰੀ ਨਹੀਂ ਰਹਿੰਦੀ। ਪਰੰਤੂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਵਲੋਂ ਪ੍ਰਮੋਸ਼ਨਾਂ ਦੇ ਇਹਨਾਂ ਨਿਯਮਾਂ ਦੀ ਪਰਵਾਹ ਨਾ ਕਰਦੇ ਹੋਏ ਇਹ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਤਰੱਕੀ ਦੇ ਯੋਗ ਕਰਮਚਾਰੀਆਂ ਦੇ ਮਨਾਂ ਵਿਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਕਰੀਬ ਤਿੰਨ ਦਹਾਕੇ ਤੋਂ ਵੱਧ ਸਮੇਂ ਤੋਂ ਆਪਣੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਮੁਲਾਜ਼ਮ ਅਤੇ ਆਮ ਲੋਕਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਸੰਸਥਾ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਨੇ ਮਾਮਲਾ ਕਈ ਵਾਰ ਯੂਨੀਵਰਸਿਟੀ ਦੇ ਧਿਆਨ ਵਿਚ ਲਿਆਂਦਾ। ਪਰੰਤੂ ਅਤੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸਥਾਨਕ ਬੁੱਧ ਵਿਹਾਰ ਵਿਖੇ ਮੰਚ ਦੇ ਮੁਖ ਦਫਤਰ ਤੋਂ ਢੋਸੀਵਾਲ ਨੇ ਦੱਸਿਆ ਹੈ ਕਿ ਉਕਤ ਤਰੱਕੀਆਂ ਦਾ ਮਾਮਲਾ ਉਹਨਾਂ ਦੀ ਸੰਸਥਾ ਵੱਲੋਂ ਕਰੀਬ ਤਿੰਨ ਹਫਤੇ ਪਹਿਲਾਂ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਇਸ ਸਬੰਧੀ ਪੱਤਰ ਲਿਖਿਆ ਸੀ। ਸਰਕਾਰ ਨੇ ਇਸ ਪੱਤਰ ’ਤੇ ਕਾਰਵਾਈ ਕਰਦੇ ਹੋਏ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਬੀਤੀ 09 ਜਨਵਰੀ ਨੂੰ ਪੱਤਰ ਲਿਖਿਆ ਹੈ। ਪੱਤਰ ਅਨੁਸਾਰ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਗਰੁੱਪ ਡੀ ਦੇ ਕਰਮਚਾਰੀਆਂ ਦੀ ਗਰੁੱਪ ਸੀ ਦੇ ਕਰਮਚਾਰੀਆਂ ਵਜੋਂ ਪ੍ਰਮੋਸ਼ਨਾਂ ਨਾ ਕਰਨ ਦੇ ਮਾਮਲੇ ਦੀ ਪੜਤਾਲ ਕਰਨ ਦੀ ਹਿਦਾਇਤ ਕੀਤੀ ਹੈ। ਇਸੇ ਪੱਤਰ ਵਿਚ ਡਾਇਰੈਕਟਰ ਵਲੋਂ ਕੀਤੀ ਕਾਰਵਾਈ ਬਾਰੇ ਏਕਤਾ ਭਲਾਈ ਮੰਚ ਨੂੰ ਸੂਚਿਤ ਕਰਨ ਲਈ ਵੀ ਹਿਦਾਇਤ ਕੀਤੀ ਗਈ ਹੈ। ਢੋਸੀਵਾਲ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਸਾਰੇ ਯੋਗ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਦੋ ਮਹੀਨੇ ਅੰਦਰ ਕਰਨ ਦੇ ਵੀ ਹੁਕਮ ਜਾਰੀ ਕੀਤੇ ਸਨ। ਢੋਸੀਵਾਲ ਨੇ ਉਮੀਦ ਜਾਹਰ ਕੀਤੀ ਹੈ ਕਿ ਪ੍ਰਮੋਸ਼ਨਾਂ ਸਬੰਧੀ ਡਾਇਰੈਕਟਰ ਨੂੰ ਭੇਜੇ ਪੱਤਰ ਦੀ ਰੋਸ਼ਨੀ ਵਿਚ ਯੂਨੀਵਰਸਿਟੀ ਵੱਲੋਂ ਉਕਤ ਤਰੱਕੀਆਂ ਹੋਣ ਦੀ ਆਸ ਜਾਗ ਪਈ ਹੈ।