ਜਲੰਧਰ (20 ਨਵੰਬਰ) (ਵਿੱਕੀ ਸੂਰੀ ) : ਪੰਜਾਬ ਦੀ ਆਪ ਸਰਕਾਰ ਨੇ ਸੱਤ੍ਹਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਸੱਤ੍ਹਾ ਵਿੱਚ ਆਉਂਦਿਆਂ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇਗੀ ਪਰ ਅੱਜ ਤੋਂ ਦੋ ਸਾਲ ਪਹਿਲਾਂ 18 ਨਵੰਬਰ 2022 ਨੂੰ ਜਾਰੀ ਕੀਤਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਲਾਗੂ ਕਰਨਾ ਭੁੱਲ ਗਈ ਹੈ ਇਸ ਸੰਬੰਧੀ ਰੋਸ ਪ੍ਰਗਟ ਕਰਦਿਆਂ ਪੁਰਾਣੀ ਪੈਨਸ਼ਨ ਬਹਾਲੀ ਦੇ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਨੇ ਕਿਹਾ ਕਿ ਅੱਜ ਨੋਟੀਫਿਕੇਸ਼ਨ ਦੀ ਦੂਜੀ ਵਰ੍ਹੇਗੰਢ ਦੇ ਮੌਕੇ ‘ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਕਾਲੇ ਬਿੱਲੇ ਲਗਾ ਕੇ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਕਾਲਾ ਦਿਵਸ ਮਨਾਇਆ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣਾ ਹਰਾ ਪੈੱਨ ਆਮ ਪੰਜਾਬੀਆਂ ਦੇ ਲਈ ਚੱਲਣ ਲਈ ਕਿਹਾ ਸੀ ਪਰ ਸਾਨੂੰ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਹਰਾ ਪੈੱਨ ਪੁਰਾਣੀ ਪੈਨਸ਼ਨ ਦਾ ਐਸ ਓ ਪੀ ਜਾਰੀ ਕਰਨ ਲਈ ਹੁਣ ਕਿਉਂ ਨਹੀਂ ਚੱਲ ਰਿਹਾ…? ਜ਼ਿਲ੍ਹਾ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਨਾਲ ਮੀਟਿੰਗ ਸਮੇਂ ਅਤੇ ਪ੍ਰੈੱਸ ਵਿੱਚ ਵੀ ਸਰਕਾਰ ਅਤੇ ਕਰਮਚਾਰੀ ਦੇ ਪੈਨਸ਼ਨ ਫੰਡ ਵਿੱਚ ਜਮਾਂ 17000 ਹਜ਼ਾਰ ਕਰੋੜ ਦਾ ਕੇਂਦਰ ਸਰਕਾਰ ਵੱਲੋਂ ਵਾਪਸ ਨਾ ਕਰਨ ਦੀ ਦੁਹਾਈ ਦਿੰਦੀ ਹੈ ਅਤੇ ਰਾਜ ਦੀ ਕਮਜ਼ੋਰ ਆਰਥਿਕ ਹਾਲਤ ਵੀ ਦੱਸਦੀ ਹੈ ਪਰ ਇਹ ਸਾਰੇ ਬਹਾਨੇ ਹਨ ਇਹ ਆ ਰਹੀਆਂ ਦਿੱਕਤਾਂ ਸਬੰਧੀ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾ ਸੋਚਣਾ ਚਾਹੀਦਾ ਸੀ।ਨੌਟੀਫਿਕੇਸ਼ਨ ਨੂੰ ਲਾਗੂ ਕਰਨ ਲਈ ਹੋ ਰਹੀ ਬੇਲੋੜੀ ਦੇਰੀ ਕਾਰਨ ਜਿੱਥੇ ਸਰਕਾਰ ਦੀ ਇੱਛਾ ਸ਼ਕਤੀ ਦੀ ਘਾਟ ਸਾਫ ਝਲਕਦੀ ਹੈ ਉੱਥੇ ਹੀ ਹੋ ਰਹੀ ਦੇਰੀ ਕਾਰਨ ਕਰਮਚਾਰੀਆਂ ਦੇ ਮਨਾਂ ਵਿੱਚ ਰੋਸ ਅਤੇ ਬੇਚੈਨੀ ਲਗਾਤਾਰ ਵੱਧ ਰਹੀ। ਜੋ ਅੱਜ ਜ਼ਿਲ੍ਹਾ ਜਲੰਧਰ ਦੇ ਮੁਲਾਜ਼ਮਾਂ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਜ਼ਾਹਿਰ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਆਉਣ ਵਾਲੇ ਸਮੇਂ ਵਿੱਚ ਵੱਡੇ ਅੰਦੋਲਨ ਦਾ ਰੂਪ ਧਾਰਨ ਕਰੇਗੀ ਅਤੇ ਨਵੀਂ ਪੈਨਸ਼ਨ ਸਕੀਮ ਤੋਂ ਨਿਜਾਤ ਦਵਾਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਕੇ ਹੀ ਸੁੱਖ ਦਾ ਸਾਹ ਲਵੇਗੀ।ਇਸ ਸਮੇਂ ਕਰਨੈਲ ਫਿਲੌਰ ਮਾਓ ਸਾਹਿਬ,ਵੇਦਰਾਜ ਬਜੂਹਾ ਖੁਰਦ, ਦਿਲਬਾਗ ਸਿੰਘ ਆਈ ਟੀਮ ਆਈ, ਕਵਿਸ਼ ਵਾਲੀਆ,ਨਿਰਮਲ ਕੌਰ ਬਿਲਗਾ, ਪਰਦੀਪ ਕੌਰ ਬਿਲਗਾ, ਸੰਦੀਪ ਰਾਜੋਵਾਲ,ਰਜਿੰਦਰ ਕੁਮਾਰ ਬਿਲਗਾ, ਲਲਿਤ ਢੰਡ ਗੁਮਟਾਲਾ ,ਮੰਗਤ ਰਾਮ ਨੇ ਦੱਸਿਆ ਕਿ ਇਸੇ ਤਰ੍ਹਾਂ ਹੋਰ ਜ਼ਿਲ੍ਹਾ ਜਲੰਧਰ ਦੇ ਅਦਾਰਿਆਂ ਵਿੱਚ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕਾਲਾ ਦਿਵਸ ਮਨਾਇਆ ਗਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।