ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ):- ਪੰਜਾਬੀਆਂ ਦੇ ਖੁੱਲ੍ਹੇ ਸੁਭਾਅ ਅਤੇ ਮਹਿਮਾਨ ਨਿਵਾਜ਼ੀ ਪੂਰੀ ਦੁਨੀਆਂ ‘ਤੇ ਮੰਨੀ ਹੋਈ ਹੈ। ਪੰਜਾਬ ਦੇਸ਼ ਦਾ ਦਿਲ ਹੈ ਅਤੇ ਭਾਰਤ ਇਸ ਤੋਂ ਬਿਨਾਂ ਅਧੂਰਾ ਹੈ। ਪੰਜਾਬ ਨੇ ਜਿਥੇ ਯੋਧਾ ਪੈਦਾ ਕੀਤੇ ਹਨ ਓਥੇ ਗੁਰੂਆਂ ਨੇ ਓਹਨਾ ਨੂੰ ਨੀਵਾਂ ਰਹਿਕੇ ਸੇਵਾ ਦੀ ਭਾਵਨਾ ਵੀ ਬਖਸ਼ੀ ਹੈ। ਇਹ ਵਿਚਾਰ ਅੱਜ ਏਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋ ਪੁੱਜੇ ਵਫ਼ਦ ਨੇ ਰੱਖੇ।
ਜਾਣਕਾਰੀ ਅਨੁਸਾਰ ਅਕਾਲ ਈ ਵਰਲਡ ਮੋਹਾਲੀ ਨਾਮ ਦੀ ਸੰਸਥਾ ਵੱਲੋਂ ਵੱਖ-ਵੱਖ ਰਾਜਾਂ ਦੇ ਨੁਮਾਇੰਦਿਆਂ ਨੂੰ ਫ਼ਿਰੋਜ਼ਪੁਰ ਦੀ ਸੈਰ ਕਰਵਾਈ ਗਈ। ਹਰਮਨਪ੍ਰੀਤ ਸਿੰਘ ਚਾਵਲਾ ਅਤੇ ਅਮਰੀਕ ਸਿੰਘ ਸੰਧੂ ਦੀ ਅਗਵਾਈ ਵਿਚ ਪੁੱਜੀ ਇਸ ਟੀਮ ‘ਚ ਸੂਬੇ ਤਿਲੰਗਾਨਾ ਤੋਂ ਰਮੇਸ਼ ਕੁਮਾਰ, ਮੈਡਮ ਪ੍ਰਵੀਨਾ, ਹੈਰੀ ਵਿਨਸੈਂਟ ਅਤੇ ਸ਼ੇਸ਼ਾਗਿਰੀ ਰਾਓ ਵਾਕਾ, ਆਂਧਰਾ ਪ੍ਰਦੇਸ਼ ਤੋਂ ਮਧੂ ਬਾਬੂ, ਝਾਰਖੰਡ ਤੋਂ ਬ੍ਰਿਜੇਸ਼ ਕੁਮਾਰ, ਯੂ ਪੀ ਤੋਂ ਰਾਓ ਸ਼ਮਸ਼ਾਦ, ਹਰਿਆਣਾ ਤੋਂ ਬਲਵਿੰਦਰ ਸਿੰਘ ਅਤੇ ਗੌਤਮ ਸਿੰਘ ਚੌਹਾਨ, ਮੱਧ ਪ੍ਰਦੇਸ਼ ਤੋਂ ਰਾਜੀਵ ਕੁਮਾਰ ਸ਼ਾਮਿਲ ਸਨ ਜਦਕਿ ਪੰਜਾਬ ਟੀਮ ‘ਚ ਰਾਸ਼ਟਰੀ ਅਤੇ ਸਟੇਟ ਪੁਰਸਕਾਰ ਵਿਜੇਤਾ ਗੁਰਨਾਮ ਸਿੱਧੂ, ਸਰਪੰਚ ਜਰਨੈਲ ਸਿੰਘ ਵਿਰਕ ਅਤੇ ਯਾਦਵਿੰਦਰ ਸਿੰਘ ਭੁੱਲਰ ਹਾਜ਼ਰ ਰਹੇ।
ਵੱਖ ਵੱਖ ਸੂਬਿਆਂ ਤੋਂ ਪੁੱਜੇ ਇਸ ਵਫ਼ਦ ਨੇ ਜਿਥੇ ਪੰਜਾਬੀਆਂ ਦੇ ਖੁੱਲ੍ਹੇ ਦਿਲਾਂ ਅਤੇ ਮਹਿਮਾਨ ਨਿਵਾਜ਼ੀ ਦੀ ਤਾਰੀਫ਼ ਕੀਤੀ ਓਥੇ ਓਹਨਾ ਨੇ ਫ਼ਿਰੋਜ਼ਪੁਰ ਵਿਚਲੀਆਂ ਇਤਿਹਾਸਕ ਥਾਵਾਂ, ਸਾਰਾਗੜ੍ਹੀ, ਬਰਕੀ ਦੇ ਸ਼ਹੀਦਾਂ ਦੀ ਯਾਦਗਾਰ, ਸ਼ਹੀਦੀ ਸਮਾਰਕ ਹੂਸੈਨੀਵਾਲਾ ਅਤੇ ਰਿਟਰੀਟ ਸੈਰੇਮਨੀ ਦਾ ਵੀ ਆਨੰਦ ਮਾਣਿਆ। ਇਹਨਾ ਚੋਣ ਕਈ ਪਹਿਲੀ ਵਾਰ ਪੰਜਾਬ ਆਏ ਨੁਮਾਇੰਦਿਆਂ ਨੇ ਕਿਹਾ ਕਿ ਅੱਜ ਕੱਲ੍ਹ ਮੀਡੀਆ ਵੱਲੋਂ ਵਿਖਾਏ ਜਾ ਰਹੇ ਪੰਜਾਬ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਸਗੋਂ ਬਜ਼ੁਰਗਾਂ ਤੋਂ ਸੁਣਦੇ ਆਏ ਪੰਜਾਬ ਦੀ ਓਹੀ ਮਹਿਕ ਅੱਜ ਵੀ ਖੁਸ਼ਬੂ ਦੇ ਰਹੀ ਹੈ। ਦਲੇਰ ਲੋਕਾਂ ਦੀ ਧਰਤੀ ਜੋ ਦਸਵੰਦ ਕੱਢਦੀ ਹੈ ਅਤੇ ਆਪਣੇ ਗੁਰੂਆਂ ਦੇ ਪਾਏ ਪੂਰਨਿਆਂ ‘ਤੇ ਚੱਲ ਰਹੀ ਹੈ।
ਤਿਲੰਗਾਨਾ ਦੇ ਹੈਰੀ ਵਿਨਸੈਂਟ ਅਤੇ ਸ਼ੇਸ਼ਾਗਿਰੀ ਰਾਓ ਵਾਕਾ ਨੇ ਕਿਹਾ ਕਿ ਓਹ ਪੰਜਾਬੀਆਂ ਨੂੰ ਮਿਲ ਕੇ ਗਦ ਗਦ ਹੋ ਉੱਠੇ ਹਨ। ਓਹਨਾ ਕਿ ਜਦੋਂ ਵੀ ਦੇਸ਼ ਤੇ ਕੋਈ ਭੀੜ ਪੈਂਦੀ ਹੈ ਤਾਂ ਹਮੇਸ਼ਾਂ ਪੰਜਾਬੀ ਲੋਕ ਲੰਗਰ, ਦਵਾਈਆਂ, ਕੱਪੜੇ ਭਾਵ ਹਰੇਕ ਤਰ੍ਹਾਂ ਦੀ ਮਦਦ ਲਈ ਵੱਧ ਚੜ੍ਹਕੇ ਸੇਵਾ ਕਰਦੇ ਹਨ। ਓਹਨਾ ਪੰਜਾਬੀਆਂ ਦੇ ਜਜ਼ਬਿਆਂ ਦੀਆਂ ਖ਼ੂਬ ਸਿਫ਼ਤਾਂ ਕੀਤੀਆਂ। ਆਏ ਮਹਿਮਾਨਾਂ ਨੇ ਕਿਹਾ ਕਿ ਅਸਲ ਰਾਸ਼ਟਰ ਪਿਤਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਹੀ ਹਨ।
ਇਸ ਮੌਕੇ ਹੋਈ ਮੀਟਿੰਗ ਵਿੱਚ ਹਰਮਨਪ੍ਰੀਤ ਸਿੰਘ ਚਾਵਲਾ ਅਤੇ ਅਮਰੀਕ ਸਿੰਘ ਸੰਧੂ ਨੇ ਕਿਹਾ ਓਹ ਜਲਦ ਪੰਜਾਬ ਅਤੇ ਦੇਸ਼ ਦੇ ਦੂਜੇ ਸੂਬਿਆਂ ਵਿਚ ਈ ਵੀ (ਇਲੈਕਟ੍ਰਿਕ ਵਹੀਕਲ) ਦੀ ਦੁਨੀਆ ਵਿਚ ਨਿਵੇਕਲਾ ਕਦਮ ਰੱਖਣ ਜਾ ਰਹੇ ਹਨ ਤਾਂ ਜੋ ਪ੍ਰਦੂਸ਼ਣ ਵਰਗੀ ਭਿਆਨਕ ਅਲਾਮਤ ਤੋਂ ਬਚਿਆ ਜਾ ਸਕੇ।