ਜਲੰਧਰ:19ਜਨਵਰੀ (ਵਿੱਕੀ ਸੂਰੀ ) : ਪੰਜਾਬ ਵਿੱਚ ਵਿਦਿਆਰਥੀਆਂ ਦੀਆਂ ਭਖਦੀਆਂ ਮੰਗਾਂ ਅਤੇ ਕੌਮੀ ਸਿੱਖਿਆ ਨੀਤੀ ਦੇ ਵਿਰੋਧ ਵਿੱਚ 12 ਫਰਵਰੀ ਨੂੰ ਮਾਨਸਾ ਵਿਖੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਮਾਲਵਾ ਜੋਨ ਦੀ ਵਿਦਿਆਰਥੀ ਚੇਤਨਾ ਕਨਵੈਨਸ਼ਨ ਕੀਤੀ ਜਾਵੇਗੀ । ਇਸ ਸਮੇਂ ਪੰਜਾਬ ਸਟੂਡੈਂਟਸ ਫੈਡਰੇਸ਼ਨ ਸੂਬਾ ਕਨਵੀਨਰ ਗਗਨਦੀਪ ਸਰਦੂਲਗੜ੍ਹ, ਕੋ ਕਨਵੀਨਰ ਹਰਜਿੰਦਰ ਕੌਰ ਗੋਲੀ ਅਤੇ ਸੂਬਾ ਵਿੱਤ ਸਕੱਤਰ ਰਵਿੰਦਰ ਲੋਹਗੜ੍ਹ ਨੇ ਕਿਹਾ ਕਿ ਇਸ ਕਨਵੈਨਸ਼ਨ ਵਿੱਚ ਉਹ ਕੌਮੀ ਸਿੱਖਿਆ ਨੀਤੀ-2020 ਦੇ ਤਬਾਹਕੁੰਨ ਨਤੀਜਿਆਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਗੇ ਅਤੇ ਇਸ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣਗੇ । ਉਨ੍ਹਾਂ ਕਿਹਾ ਕਿ ਪੂਰੇ ਭਾਰਤ ਅਤੇ ਪੰਜਾਬ ਵਿਚ ਜਨਤਕ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਜਨਤਕ ਸਿੱਖਿਆ ਦਾ ਭੋਗ ਪੈਣ ਵਾਲਾ ਹੈ।ਇਸ ਸਿੱਖਿਆ ਨੀਤੀ ਅਨੁਸਾਰ ਪੇਂਡੂ ਖੇਤਰਾਂ ਦੇ ਸਿੱਖਿਆ ਅਦਾਰੇ ਵੱਡੀ ਗਿਣਤੀ ਵਿੱਚ ਬੰਦ ਹੋਣਗੇ ਅਤੇ ਸਿੱਖਿਆ ਨੂੰ ਇੱਕ ਵਪਾਰਕ ਵਸਤੂ ਬਣਾ ਕੇ ਦੇਸੀ ਬਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਅਧਿਆਪਕ ਬਣਨ ਦੇ ਚਾਹਵਾਨ ਬੇਰੁਜ਼ਗਾਰ ਨੌਜਵਾਨਾਂ ਨੂੰ ਘੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਸ ਸਿੱਖਿਆ ਨੀਤੀ ਅਨੁਸਾਰ ਵੱਡੇ ਪੱਧਰ ‘ਤੇ ਆਨਲਾਈਨ ਸਿੱਖਿਆ ਨੂੰ ਹੀ ਪ੍ਰਮੋਟ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਵੱਡੇ ਪੱਧਰ ਤੇ ਲੁੱਟਣ ਲਈ ਵਧੀਆ ਸਿੱਖਿਆ ਦੇਣ ਦੇ ਨਾਂ ‘ਤੇ ਸੌ ਤੋਂ ਵੱਧ ਬਦੇਸੀ ਯੂਨੀਵਰਸਿਟੀਆਂ ਨੂੰ ਦੇਸ਼ ਵਿੱਚ ਆਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ।ਆਉਣ ਵਾਲੇ ਸਮੇਂ ਵਿੱਚ ਜਨਤਕ ਸਿੱਖਿਆ ਨੂੰ ਬਚਾਉਣ ਲਈ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਡੀ ਲੜਾਈ ਵਿੱਢੇਗੀ ਅਤੇ ਸਟੂਡੈਂਟਸ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਇਸ ਸਿੱਖਿਆ ਨੀਤੀ ਪ੍ਰਤੀ ਜਾਗਰੂਕ ਕਰਕੇ ਸੰਘਰਸ਼ਾਂ ਦਾ ਹਿੱਸਾ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ।