ਫਿਰੋਜਪੁਰ. ( ਜਤਿੰਦਰ ਪਿੰਕਲ)
ਪੰਜਾਬ ਯੂਨੀਵਰਸਿਟੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਕੁਝ ਕਾਲਜਾਂ ਖਿਲਾਫ਼ ਯੂਨੀਵਰਸਿਟੀ ਨੇ ਸਖ਼ਤ ਨੋਟਿਸ ਲੈਂਦਿਆਂ, ਇਨ੍ਹਾਂ ਕਾਲਜਾਂ ਵਿੱਚ ਦਿਸੰਬਰ ਸਮੈਸਟਰ ਦੇ ਪੇਪਰਾਂ ਦਾ ਸੈਂਟਰ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਇਨ੍ਹਾਂ ਕਾਲਜਾਂ ਵਿੱਚ ਆਰ. ਐੱਸ .ਡੀ. ਕਾਲਜ ਫ਼ਿਰੋਜ਼ਪੁਰ, ਗੁਰੂ ਨਾਨਕ ਕਾਲਜ ਫ਼ਿਰੋਜ਼ਪੁਰ ਛਾਉਣੀ, ਡੀ. ਐੱਮ. ਕਾਲਜ ਮੋਗਾ ਆਦਿ ਦੇ ਨਾਂ ਸ਼ਾਮਲ ਹਨ। ਯੂਨੀਵਰਸਿਟੀ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਵੀ ਇਨ੍ਹਾਂ ਕਾਲਜਾਂ ਵੱਲੋਂ ਯੂਨੀਵਰਸਿਟੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਜਿਵੇਂ ਕਿ ਆਰ. ਐੱਸ. ਡੀ. ਕਾਲਜ ਨੇ ਯੂਨੀਵਰਸਿਟੀ ਨਿਯਮਾਂ ਨੂੰ ਛਿੱਕੇ ਟੰਗ ਕੇ ਗਲਤ ਢੰਗ ਨਾਲ ਸੀਨੀਅਰਤਾ ਨੰਬਰ 32 (ਡਾ. ਦਲਜੀਤ ਸਿੰਘ ) ਨੂੰ ਕਾਰਜਕਾਰੀ ਪ੍ਰਿੰਸੀਪਲ ਲਗਾਇਆ ਗਿਆ ਹੈ , ਤਾਂ ਕਿ ਮੈਨੇਜਮੈਂਟ ਹਰ ਤਰ੍ਹਾਂ ਦੀ ਆਪਣੀ ਮਨਮਾਨੀ ਕਰ ਸਕੇ। ਯੂਨੀਵਰਸਿਟੀ ਦੇ ਹੁਕਮਾਂ ਦੇ ਬਾਵਜੂਦ ਵੀ ਸੱਬ ਤੋਂ ਸੀਨੀਅਰ ਅਧਿਆਪਕ ਨੂੰ ਕਾਰਜਕਾਰੀ ਪ੍ਰਿੰਸੀਪਲ ਨਹੀਂ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਾਕੀ ਕੁਝ ਕਾਲਜਾਂ ਵਿੱਚ ਵੀ ਯੂਨੀਵਰਸਿਟੀ ਨਿਯਮਾਂ ਨੂੰ ਨਹੀਂ ਮੰਨਿਆ ਜਾ ਰਿਹਾ। ਕਾਲਜਾਂ ਨੇ ਆਪਣੀ ਜ਼ਿੱਦ ਕਰਕੇ ਵਿਦਿਆਰਥੀਆਂ ਦੇ ਭਵਿੱਖ ਦੀ ਵੀ ਪ੍ਰਵਾਹ ਨਹੀਂ ਕੀਤੀ । ਆਪਣੇ ਕਾਲਜਾਂ ਵਿੱਚ ਪੇਪਰਾਂ ਦਾ ਸੈਂਟਰ ਨਾ ਬਣਨ ਕਰਕੇ ਵਿਦਿਆਰਥੀ ਖੱਜਲ ਖੁਆਰ ਹੋ ਰਹੇ ਹਨ।
ਐਸੋਸੀਏਸ਼ਨ ਆਫ਼ ਯੂਨਾਈਟਿਡ ਕਾਲਜ ਟੀਚਰਜ਼, ਪੰਜਾਬ ਅਤੇ ਚੰਡੀਗੜ੍ਹ (ਏ. ਯੂ. ਸੀ. ਟੀ.) ਦੇ ਜਨਰਲ ਸਕੱਤਰ ਪ੍ਰੋ.ਜਸਪਾਲ ਸਿੰਘ ਅਤੇ ਬੁਲਾਰੇ ਪ੍ਰੋ.ਤਰੁਣ ਘਈ ਨੇ ਯੂਨੀਵਰਸਿਟੀ ਦੇ ਨਿਯਮਾਂ ਨੂੰ ਭੰਗ ਕਰਨ ਵਾਲੇ ਕਾਲਜਾਂ ਤੇ ਯੂਨੀਵਰਸਿਟੀ ਦੇ ਇਸ ਸਖ਼ਤ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਯੂਨੀਵਰਸਿਟੀ ਵੱਲੋਂ ਕਾਲਜਾਂ ਵਿਚ ਸੁਧਾਰ ਲਈ ਸਖ਼ਤ ਫ਼ੈਸਲੇ ਲੈਣ ਦੀ ਉਮੀਦ ਜਤਾਈ ਹੈ। ਏ. ਯੂ. ਸੀ. ਟੀ. ਦੇ ਜਨਰਲ ਸਕੱਤਰ ਪ੍ਰੋ. ਜਸਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਆਪਣੇ ਹੱਕਾਂ ਅਤੇ ਭਵਿੱਖ ਪ੍ਰਤੀ ਸੁਚੇਤ ਰਹਿਣ ਲਈ ਕਿਹਾ ਹੈ ਤਾਂ ਜੋ ਮੈਨੇਜਮੈਂਟਾਂ ਆਪਣੇ ਪੱਖਪਾਤੀ ਅਤੇ ਅੜੀਅਲ ਵਤੀਰੇ ਕਰਕੇ ਕਾਲਜ ਅਤੇ ਉਨ੍ਹਾਂ ਦਾ ਨੁਕਸਾਨ ਨਾ ਕਰ ਸਕਣ।