ਫਿਲੌਰ ਦੇ ਇੱਕ ਵਿਅਕਤੀ ਨੇ ਡੌਂਕੀ ਲਗਾ ਕੇ (ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ) ਜਰਮਨੀ ਜਾਣ ਦੇ ਚੱਕਰ ‘ਚ ਆਪਣੀ ਜਾਨ ਗਵਾਉਣੀ ਪੈ ਗਈ ਹੈ। ਇੱਕ ਟਰੈਵਲ ਏਜੰਸੀ ਨੇ ਫਿਲੌਰ ਦੇ ਪਿੰਡ ਗੰਨਾ ਦੇ ਰਹਿਣ ਵਾਲੇ ਇੱਕ ਪਰਿਵਾਰ ਤੋਂ ਲੱਖਾਂ ਰੁਪਏ ਤਾਂ ਲੈ ਲਏ ਪਰ ਮਹਿੰਦਰ ਪਾਲ ਦੀ ਰਸਤੇ ਵਿੱਚ ਹੀ ਮੌਤ ਹੋ ਗਈ।

    ਮੌਤ ਤੋਂ ਬਾਅਦ ਏਜੰਟ ਨੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਕੁਝ ਦਿਨਾਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਜਰਮਨੀ ਵਿੱਚ ਮੌਤ ਹੋ ਗਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਉਕਤ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਮਹਿੰਦਰ ਪਾਲ ਵਜੋਂ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮਹਿੰਦਰ ਦੀ ਮੌਤ ਕਦੋਂ ਅਤੇ ਕਿਵੇਂ ਹੋਈ, ਇਸ ਦਾ ਕਾਰਨ ਸਪੱਸ਼ਟ ਨਹੀਂ ਹੈ ਪਰ ਉਨ੍ਹਾਂ ਨੂੰ ਇਸ ਬਾਰੇ ਬੀਤੇ ਦਿਨੀਂ ਜਾਣਕਾਰੀ ਮਿਲੀ ਸੀ।

    ਬੇਲਾਰੂਸ ਤੋਂ ਡੌਂਕੀ ਲਗਾ ਕੇ ਜਰਮਨੀ ਜਾਣਾ ਸੀ  

    ਥਾਣਾ ਫਿਲੌਰ ਦੀ ਪੁਲੀਸ ਨੇ ਗੋਨਾ ਪਿੰਡ ਦੇ ਰਹਿਣ ਵਾਲੇ ਧਰਮਿੰਦਰ ਕੁਮਾਰ ਦੇ ਬਿਆਨਾਂ ’ਤੇ ਜੰਮੂ ਦੇ ਟਰੈਵਲ ਏਜੰਟ ਪੰਕਜ ਕੁਮਾਰ ਅਤੇ ਨਰੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੇ ਮਹਿੰਦਰ ਪਾਲ (42) ਨੂੰ ਜਰਮਨੀ ਭੇਜਣ ਲਈ 12.32 ਲੱਖ ਰੁਪਏ ਲਏ ਸਨ। ਉਨ੍ਹਾਂ ਨੇ ਪਹਿਲਾਂ ਮਹਿੰਦਰ ਪਾਲ ਨੂੰ ਰੂਸ ਭੇਜਿਆ ਸੀ। ਕੁਝ ਸਮਾਂ ਉੱਥੇ ਰੱਖਣ ਤੋਂ ਬਾਅਦ ਉਸ ਨੂੰ ਬੇਲਾਰੂਸ ਭੇਜ ਦਿੱਤਾ ਗਿਆ।

    ਉਥੋਂ ਮੁਲਜ਼ਮਾਂ ਨੇ ਉਸ ਨੂੰ ਡੌਂਕੀ ਲਗਵਾ ਕੇ ਜਰਮਨੀ ਭੇਜ ਦਿੱਤਾ। ਮਹਿੰਦਰ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਪਰ ਏਜੰਟਾਂ ਨੇ ਪਰਿਵਾਰ ਨੂੰ ਸੂਚਿਤ ਨਹੀਂ ਕੀਤਾ। ਉਲਟਾ ਉਹ ਕਹਿੰਦੇ ਰਹੇ ਕਿ ਉਹ ਜਲਦੀ ਹੀ ਜਰਮਨੀ ਪਹੁੰਚ ਜਾਵੇਗਾ ਪਰ ਉਸ ਦੇ ਨਾਲ ਚੱਲ ਹੋਰ ਸਾਥੀਆਂ ਨੇ ਫੋਨ ‘ਤੇ ਮਹਿੰਦਰ ਦੀ ਮੌਤ ਦੀ ਸੂਚਨਾ ਦਿੱਤੀ।

     ਮਹਿੰਦਰ ਦੀ ਲਾਸ਼ ਭਾਰਤ ਲਿਆਉਣ ਲਈ ਮੰਗੇ 4 ਲੱਖ ਰੁਪਏ  

    ਪਰਿਵਾਰ ਦਾ ਦੋਸ਼ ਹੈ ਕਿ ਟਰੈਵਲ ਏਜੰਟ ਨੇ ਮਹਿੰਦਰ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕਰੀਬ 4 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮੁਲਜ਼ਮਾਂ ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਪਰਿਵਾਰ ਨੇ ਸਰਕਾਰ ਨੂੰ ਮਹਿੰਦਰ ਦੀ ਲਾਸ਼ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।