ਰੋਪੜ ਜ਼ਿਲ੍ਹੇ ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕੇ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਚ ਪਹਿਲੀ ਜਮਾਤ ਵਿਚ ਪੜਦੇ ਬੱਚੇ ਤੇਗਬੀਰ ਸਿੰਘ ਨੇ 5 ਸਾਲ ਦੀ ਛੋਟੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰ ਲਿਆ ਹੈ। ਉਸਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤੱਕ ਦਾ ਟ੍ਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ, 2024 ਨੂੰ ਇਸ ਤੱਕ ਪਹੁੰਚਣ ਲਈ ਪੂਰਾ ਪੈਂਡਾ ਪੈਦਲ ਚੱਲਿਆ। ਐਵਰੈਸਟ ਬੇਸ ਕੈਂਪ 5364 ਮੀਟਰ ਦੀ ਉਚਾਈ ‘ਤੇ ਸਥਿਤ ਹੈ ਜਿੱਥੇ ਅਪ੍ਰੈਲ ਵਿੱਚ ਆਮ ਤਾਪਮਾਨ ਮਨਫੀ 12 ਡਿਗਰੀ ਹੁੰਦਾ ਹੈ। ਇਹ ਘੱਟ ਆਕਸੀਜਨ ਟ੍ਰੈਕ ਹੈ ਅਤੇ ਇੱਥੇ ਉਚਾਈ ਨਾਲ ਜੁੜੀਆਂ ਬਿਮਾਰੀਆ ਨਾਲ ਨਜਿੱਠਣ ਲਈ ਸਖ਼ਤ ਤਿਆਰੀ ਦੀ ਲੋੜ ਹੁੰਦੀ ਹੈ।

ਤੇਗਬੀਰ ਨੇ ਇਸ ਦੀ ਤਿਆਰੀ ਲਗਭਗ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਉਸ ਨੂੰ ਬਿਕਰਮਜੀਤ ਸਿੰਘ ਘੁੰਮਣ (ਸੇਵਾਮੁਕਤ ਕੋਚ) ਦੁਆਰਾ ਸਿਖਲਾਈ ਦਿੱਤੀ ਗਈ ਸੀ, ਜੋ ਕਿ ਦਿਲ ਦੀ ਬਿਮਾਰੀ ਨਾਲ ਨਜਿੱਠਣ ਲਈ ਕਾਰਡੀਓ ਵਸਕੂਲਰ ਹੈਲਥ ਨੂੰ ਵਧਾਉਣ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਨਾਲ ਸਬੰਧਤ ਅਭਿਆਸਾਂ ਵਿਚ ਉਸਦੀ ਮਦਦ ਕਰਦੇ ਸਨ। ਉਹ ਆਪਣੇ ਪਿਤਾ ਅਤੇ ਕੋਚ ਨਾਲ ਵੱਖ-ਵੱਖ ਪਹਾੜੀ ਸਥਾਨਾਂ ‘ਤੇ ਹਫ਼ਤਾਵਾਰੀ ਟ੍ਰੈਕ ਲਈ ਜਾਂਦਾ ਸੀ।ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 8 ਅਪ੍ਰੈਲ ਨੂੰ ਆਪਣੇ ਪਿਤਾ ਦੇ ਨਾਲ ਕਾਠਮੰਡੂ ਗਿਆ ਸੀ ਅਤੇ ਲੁਕਲਾ ਲਈ ਫ਼ਲਾਈਟ ਲੈ ਕੇ ਅਗਲੇ ਦਿਨ ਉਸ ਦੀ ਯਾਤਰਾ ਸ਼ੁਰੂ ਹੋਈ ਸੀ। ਹਰ ਰੋਜ਼ ਉਹ 8-10 ਕਿਲੋਮੀਟਰ ਪੈਦਲ ਤੁਰਦਾ ਸੀ ਅਤੇ ਉਸ ਦੀ ਹਰ ਚੜ੍ਹਾਈ ਨਾਲ ਤਾਪਮਾਨ ਘਟਦਾ ਜਾਂਦਾ ਸੀ। ਉਹ ਲਗਭਗ ਇੱਕ ਹਫ਼ਤੇ ਤੱਕ ਮਾਈਨਸ ਗ੍ਰੇਡ ਤਾਪਮਾਨ ਵਿੱਚ ਘੱਟ ਆਕਸੀਜਨ ਦੀ ਉਚਾਈ ਵਿੱਚ ਤੁਰਿਆ ।ਉਸਦੀ ਯਾਤਰਾ ਵਿਚ ਖੁਰਾਕ ਨੇ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਉਸਨੇ ਆਪਣੇ ਕੋਚ ਦੁਆਰਾ ਨਿਰਧਾਰਤ ਖੁਰਾਕ ਅਨੁਸੂਚੀ ਦੀ ਸਖ਼ਤ ਪਾਲਣਾ ਕੀਤੀ।ਉਸਦੇ ਪਿਤਾ ਨੇ ਕੋਚ ਬਿਕਰਮ ਜੀਤ ਸਿੰਘ ਘੁੰਮਣ, ਤੇਗਬੀਰ ਦੇ ਦਾਦਾ ਦਾਦੀ , ਪਰਿਵਾਰ, ਦੋਸਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦੀ ਯਾਤਰਾ ’ਚ ਉਸਦੀ ਮਦਦ ਕੀਤੀ ਅਤੇ ਉਤਸ਼ਾਹਿਤ ਕੀਤਾ। ਉਸਨੇ ਸਾਨਵੀ ਸੂਦ ਦਾ ਵੀ ਧੰਨਵਾਦ ਕੀਤਾ ਕਿਉਂਕਿ ਉਹ ਰਾਜ ਵਿਚ ਪਰਬਤਾਰੋਹ ਲਈ ਮਸ਼ਾਲਧਾਰੀ ਹੈ।ਜ਼ਿਕਰਯੋਗ ਹੈ ਕਿ ਤੇਗਬੀਰ ਸਿੰਘ ਇਹ ਉਪਲਬਧੀ ਹਾਸਲ ਕਰਨ ਵਾਲੇ ਪੰਜਾਬ ਰਾਜ ਦੇ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀ ਬਣ ਗਏ ਹਨ। ਉਸਦੇ ਪਿਤਾ ਕਿੱਤੇ ਵਜੋਂ ਪਰਮਾਰ ਹਸਪਤਾਲ ਵਿਚ ਐਡਮਿਨਿਸਟ੍ਰੇਟਰ ਵਜੋਂ ਤਾਇਨਾਤ ਹਨ ਅਤੇ ਉਸਦੇ ਮਾਤਾ ਡਾ ਮਨਪ੍ਰੀਤ ਕੌਰ, ਗਾਈਨਾਕੋਲੋਜਿਸਟ ਵਜੋਂ ਸੇਵਾ ਨਿਭਾਅ ਰਹੇ ਹਨ । ਤੇਗਬੀਰ ਸਿੰਘ ਕਾਠਮੰਡੂ ਵਾਪਸ ਜਾ ਰਿਹਾ ਹੈ ਅਤੇ 23 ਅਪ੍ਰੈਲ ਨੂੰ ਰੋਪੜ ਪਹੁੰਚੇਗਾ। ਰੋਪੜ ਪਹੁੰਚਣ ’ਤੇ ਸ਼ਹਿਰ ਨਿਵਾਸੀਆਂ ਵੱਲੋਂ ਤੇਗਬੀਰ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।