ਲੋਕ ਸਭਾ ਚੋਣਾਂ ਦੀ ਤਰੀਕ ਨੇੜੇ ਆਉਂਦੀਆਂ ਹੀ ਸਾਰੀਆਂ ਪਾਰਟੀਆਂ ਦੇਸ਼ ਭਰ ਵਿਚ ਵਿਸ਼ਾਲ ਰੈਲੀਆਂ ਕਰ ਰਹੀਆਂ ਹਨ। ਇਸ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਤਾਮਿਲਨਾਡੂ ਵਿਚ ਰੈਲੀ ਕਰਨ ਪਹੁੰਚੇ, ਰੈਲੀ ਮਗਰੋਂ ਉਹ ਸੂਬੇ ਦੇ ਸਿੰਗਾਨਲੁਰ ‘ਚ ਇਕ ਮਿਠਾਈ ਦੀ ਦੁਕਾਨ ‘ਤੇ ਪਹੁੰਚੇ। ਜਿਥੇ ਮੌਜੂਦ ਲੋਕ ਉਨ੍ਹਾਂ ਨੂੰ ਅਪਣੇ ਵਿਚਕਾਰ ਦੇਖ ਕੇ ਹੈਰਾਨ ਰਹਿ ਗਏ। ਦੁਕਾਨਦਾਰ ਅਤੇ ਉਥੇ ਕੰਮ ਕਰਨ ਵਾਲੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਇਕ ਕਿੱਲੋ ਅਪਣੀ ਪਸੰਦੀਦਾ ਗੁਲਾਬ ਜਾਮਣ ਖਰੀਦੀ।
ਦੁਕਾਨ ਮਾਲਕ ਨੇ ਦਸਿਆ ਕਿ ਜਦੋਂ ਰਾਹੁਲ ਗਾਂਧੀ ਆਏ ਤਾਂ ਅਸੀਂ ਹੈਰਾਨ ਰਹਿ ਗਏ। ਉਹ ਇਕ ਮੀਟਿੰਗ ਲਈ ਕੋਇੰਬਟੂਰ ਆ ਰਹੇ ਸੀ। ਉਨ੍ਹਾਂ ਨੂੰ ਗੁਲਾਬ ਜਾਮਣ ਬਹੁਤ ਪਸੰਦ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਦੁਕਾਨ ਵਿਚ ਹੋਰ ਮਠਿਆਈਆਂ ਦਾ ਵੀ ਸਵਾਦ ਲਿਆ।
ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੋਈ ਕਿ ਉਹ ਸਾਡੀ ਦੁਕਾਨ ‘ਤੇ ਆਏ। ਦੁਕਾਨ ਦਾ ਸਟਾਫ਼ ਵੀ ਉਨ੍ਹਾਂ ਨੂੰ ਦੇਖ ਕੇ ਖੁਸ਼ ਸੀ। ਉਹ ਇਥੇ 25-30 ਮਿੰਟ ਤਕ ਰਹੇ। ਦੁਕਾਨਦਾਰਾਂ ਨੇ ਉਸ ਨੂੰ ਪੈਸੇ ਨਾ ਦੇਣ ਲਈ ਕਿਹਾ ਪਰ ਉਹ ਅੜੇ ਰਹੇ ਅਤੇ ਉਨ੍ਹਾਂ ਨੇ ਨਕਦ ਭੁਗਤਾਨ ਕੀਤਾ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਤਾਮਿਲਨਾਡੂ ਦੇ ਤਿਰੂਨੇਲਵੇਲੀ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਤਾਮਿਲ ਸੱਭਿਆਚਾਰ, ਭਾਸ਼ਾ ਅਤੇ ਇਤਿਹਾਸ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਇਸ ਤੋਂ ਬਹੁਤ ਕੁੱਝ ਸਿੱਖਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਕਾਂਗਰਸ ਨੇ ਅਪਣੀ ਭਾਰਤ ਜੋੜੋ ਯਾਤਰਾ ਤਾਮਿਲਨਾਡੂ ਤੋਂ ਹੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੋਦੀ ਇਕ ਦੇਸ਼, ਇਕ ਨੇਤਾ ਅਤੇ ਇਕ ਭਾਸ਼ਾ ਦੀ ਗੱਲ ਕਰਦੇ ਹਨ ਪਰ ਸਾਡੇ ਲਈ ਸਾਰੇ ਬਰਾਬਰ ਅਤੇ ਮਹੱਤਵਪੂਰਨ ਹਨ। ਤਾਮਿਲ, ਬੰਗਾਲੀ ਅਤੇ ਹੋਰ ਭਾਸ਼ਾਵਾਂ ਤੋਂ ਬਿਨਾਂ ਭਾਰਤ ਸੰਪੂਰਨ ਨਹੀਂ ਹੋ ਸਕਦਾ।