ਰੇਲਵੇ ਨੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਹੁਣ ਤਿੰਨ ਦਿਨਾ ਸ਼ਡਿਊਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜੋ ਟ੍ਰੇਨਾਂ ਪਹਿਲਾਂ ਇਕ ਦਿਨ ਲਈ ਰੱਦ ਕੀਤੀ ਜਾਂਦੀ ਸੀ, ਹੁਣ ਉਨ੍ਹਾਂ ਨੂੰ ਤਿੰਨ ਦਿਨ ਲਈ ਰੱਦ ਕਰਨ ਦੇ ਨਿਰਦੇਸ਼ ਰੇਲਵੇ ਨੇ ਦਿੱਤੇ ਹਨ। ਦੂਜੇ ਪਾਸੇ ਲੰਬੀ ਦੂਰੀ ਦੀਆਂ 101 ਟ੍ਰੇਨਾਂ ਸਬੰਧੀ ਕੁਝ ਬਦਲਾਅ ਕੀਤਾ ਗਿਆ ਹੈ।
ਇਸ ਵਿਚੋਂ 41 ਟ੍ਰੇਨਾਂ ਨੂੰ ਧੂਰੀ-ਜਾਖਲ ਦੇ ਰਸਤੇ ਤੋਂ ਤੇ 60 ਟ੍ਰੇਨਾਂ ਨੂੰ ਚੰਡੀਗੜ੍ਹ-ਸਾਹਨੇਵਾਲ ਦੇ ਰਸਤੇ ਚਲਾਉਣਦਾ ਫੈਸਲਾ ਲਿਆ ਹੈ। ਹਾਲਾਂਕਿ ਧੂਰੀ-ਜਾਖਲ ਦੇ ਰਸਤੇ ਚੱਲਣ ਵਾਲੀਆਂ ਟ੍ਰੇਨਾਂ ਨੂੰ ਮੰਜ਼ਿਲ ਤੱਕ ਪਹੁੰਚਣ ਵਿਚ ਕਾਫੀ ਸਮਾਂ ਲੱਗ ਰਿਹਾ ਹੈ ਜਦੋਂ ਕਿ ਚੰਡੀਗੜ੍ਹ-ਸਾਹਨੇਵਾਲ ਰੇਲ ਸੈਕਸ਼ਨ ਦੇ 50 ਕਿਲੋਮੀਟਰ ਦੇ ਹਿੱਸੇ ਨੂੰ ਪਾਰ ਕਰਨ ਵਿਚ ਵੀ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਲੱਗ ਰਿਹਾ ਹੈ। ਅਜਿਹੇ ਵਿਚ ਇਸ ਦਾ ਖਮਿਆਜ਼ਾ ਉਨ੍ਹਾਂ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ ਜੋ ਦੋ ਮਹੀਨੇ ਪਹਿਲਾਂ ਹੀ ਟ੍ਰੇਨਾਂ ਵਿਚ ਰਿਜ਼ਰਵੇਸ਼ਨ ਕਰਵਾ ਚੁੱਕੇ ਸਨ।
17 ਅਪ੍ਰੈਲ ਤੋਂ ਸ਼ੰਭੂ ਰੇਲਵੇ ਸਟੇਸ਼ਨ ‘ਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਨ ਰੇਲਵੇ ਵੀ ਵਿਵਸਥਾ ਡਗਮਗਾ ਗਈ ਹੈ ਕਿਉਂਕਿ ਸਿੰਗਲ ਮਾਰਗ ‘ਤੇ ਹੀ ਮੇਲ ਤੇ ਐਕਸਪ੍ਰੈਸ ਸਮੇ ਮਾਲਗੱਡੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਮੇਲ ਤੇ ਐਕਸਪ੍ਰੈਸ ਕੁਝ ਘੰਟੇ ਨਹੀਂ ਸਗੋਂ 12 ਤੋਂ 14 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਇਸ ਪ੍ਰੇਸ਼ਾਨੀ ਕਾਰਨ ਰੇਲਵੇ ਕਾਰਵਾਈ ਵਿਚ ਲੱਗਾ ਹੋਇਆ ਹੈ। ਇਸ ਲਈ ਵਿਭਾਗੀ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਅਜਿਹੀਆਂ ਟ੍ਰੇਨਾਂ ਨੂੰ ਚੁਣਨ ਤੇ ਉਨ੍ਹਾਂ ਨੂੰ ਸਿੰਗਲ ਰਸਤੇ ਤੋਂ ਜਲਦੀ ਕੱਢਣ ਦਾ ਪ੍ਰਬੰਧ ਕਰੇ। ਇਸ ਵਿਚ ਰੇਲਵੇ ਵੱਲੋਂ ਸੰਚਾਲਿਤ ਗਰਮ ਰੁੱਤ ਸਪੈਸ਼ਲ ਟ੍ਰੇਨਾਂ ਵੀ ਸ਼ਾਮਲ ਹਨ।
ਅੰਬਾਲਾ-ਲੁਧਿਆਣਾ ਰੇਲ ਸੈਕਸ਼ਨ ਦੇ ਪ੍ਰਭਾਵਿਤ ਹੋਣ ਨਾਲ ਪੰਜਾਬ, ਜੰਮੂ ਤੇ ਬਠਿੰਡਾ ਵੱਲੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਕਾਫੀ ਦਿੱਕਤ ਹੋ ਰਹੀ ਹੈ। ਮੁੱਖ ਲਾਈਨ ਦੇ ਬੰਦ ਹੋਣ ਨਾਲ ਟ੍ਰੇਨਾਂ ਦਾ ਪੂਰੀ ਤਰ੍ਹਾਂ ਤੋਂ ਸੰਚਾਲਨ ਨਹੀਂ ਹੋ ਰਿਹਾ ਹੈ। ਕਿਸਾਨ ਅੰਦੋਲਨ ਦੇ 16ਵੇਂ ਦਿਨ ਵੀ 178 ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਰਿਹਾ। ਰੇਲਵੇ ਨੇ ਸੁਰੱਖਿਆ ਕਾਰਨਾਂ ਤੋਂ 69 ਟ੍ਰੇਨਾਂ ਨੂੰ ਪੂਰੀ ਤਰ੍ਹਾਂ ਤੋਂ ਰੱਦ ਰੱਖਿਆ ਜਦੋਂ ਕਿ 101 ਟ੍ਰੇਨਾਂ ਨੂੰ ਬਦਲੇ ਮਾਰਗ ਤੋਂ ਚਲਾਇਆ।
ਮੌਜੂਦਾ ਸਮੇਂ ਅੰਬਾਲਾ ਰੇਲ ਮੰਡਲ ਅਧੀਨ ਚੰਡੀਗੜ੍ਹ ਰੇਲ ਸੈਕਸ਼ਨ ਵੱਲੋਂ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਜੋ ਕਿ ਦੋਹਰਾ ਸੈਕਸ਼ਨ ਹੈ। ਇਸ ਲਈ ਕਾਲਕਾ ਤੇ ਚੰਡੀਗੜ੍ਹ ਤੋਂ ਚੱਲਣ ਵਾਲੀ ਵੰਦੇ ਭਾਰਤ, ਸ਼ਤਾਬਦੀ ਤੇ ਹੋਰ ਟ੍ਰੇਨਾਂ ਦਾ ਸੰਚਾਲਨ ਸਹੀ ਸਮੇਂ ‘ਤੇ ਹੋ ਰਿਹਾ ਹੈ ਜੋ ਕਿ ਯਾਤਰੀਆਂ ਲਈ ਵੱਡੀ ਰਾਹਤ ਹੈ।
ਕਿਸਾਨ ਅੰਦੋਲਨ ਕਾਰਨ ਅੰਬਾਲਾ-ਲੁਧਿਆਣਾ ਰੇਲ ਸੈਕਸ਼ਨ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਲਈ ਪੈਸੇਂਜਰ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਹੈ ਤੇ ਲੰਬੀ ਦੂਰੀ ਦੀਆਂ ਟ੍ਰੇਨਾਂ ਨੂੰ ਬਦਲੇ ਰਸਤੇ ਤੋਂ ਚਲਾਇਆ ਜਾ ਰਿਹਾ ਹੈ। ਇਸ ਕਾਰਨ ਰੇਲਵੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਨਾ ਹੋਵੇ ਤੇ ਪੂਰੇ ਰਸਤੇ ਦੀ ਨਿਗਰਾਨੀ ਕਰਦੇ ਰਹੋ ਕਿਉਂਕਿ ਧੂਰੀ-ਜਾਖਲ ਤੇ ਚੰਡੀਗੜ੍ਹ ਸਾਹਨੇਵਾਲ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੈ।