ਪਟਿਆਲਾ ਦੇ ਜੁਲਕਾ ਥਾਣਾ ਖੇਤਰ ਵਿੱਚ ਦੋ ਨਾਬਾਲਗ ਭੈਣਾਂ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਭੈਣਾਂ ਨਾਲ ਜਬਰ ਜਨਾਹ ਦੀ ਇਸ ਘਟਨਾ ਤੋਂ ਬਾਅਦ ਪੁਲਸ ਨੇ ਮੁਲਜ਼ਮ ਗੁਰਦੀਪ ਗਿਰ ਅਤੇ ਹਰੀਸ਼ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਦੋਵੇਂ ਮੁਲਜ਼ਮ ਪਿੰਡ ਪਿੱਪਲ ਖੇੜੀ ਦੇ ਵਸਨੀਕ ਹਨ ਪਰ ਅਜੇ ਤੱਕ ਇਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਬੇਹੋਸ਼ੀ ਦੀ ਹਾਲਤ ‘ਚ ਖਿੱਚੀ ਤਸਵੀਰ
ਪੀੜਤਾ ਅਨੁਸਾਰ ਸਾਲ 2023 ‘ਚ ਆਰੋਪੀ ਦੋਵਾਂ ਲੜਕੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗੇ ਸੀ ਅਤੇ ਫਰਵਰੀ 2024 ‘ਚ ਆਰੋਪੀਆਂ ਨੇ 17 ਸਾਲਾ ਪੀੜਤਾ ਨੂੰ ਬਹਾਨੇ ਨਾਲ ਆਪਣੀ ਕਾਰ ‘ਚ ਬਿਠਾ ਲਿਆ ਅਤੇ ਉਸ ਨੂੰ ਇੱਕ ਕੋਲਡ ਡਰਿੰਕ ਵਿੱਚ ਨਸ਼ੀਲੀ ਵਸਤੂ ਦੇ ਦਿੱਤੀ। ਨਸ਼ੀਲੀ ਵਸਤੂ ਕਾਰਨ ਬੇਹੋਸ਼ੀ ਦੀ ਹਾਲਤ ‘ਚ ਇਸ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਖਿੱਚਣ ਤੋਂ ਬਾਅਦ ਆਰੋਪੀ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਰੋਪੀ ਹਰੀਸ਼ ਦੀ ਉਸ ਦੀ 16 ਸਾਲਾ ਭੈਣ ਨਾਲ ਫਰੈਂਡਸ਼ਿਪ ਕਰਵਾਉਣ ਲਈ ਕਿਹਾ।
ਅਸ਼ਲੀਲ ਤਸਵੀਰਾਂ ਕਰਕੇ ਬਲੈਕਮੇਲਿੰਗ ਦਾ ਸ਼ਿਕਾਰ ਹੋਈ ਵੱਡੀ ਭੈਣ ਨੇ ਆਪਣੀ ਛੋਟੀ ਭੈਣ ਨਾਲ ਆਰੋਪੀ ਹਰੀਸ਼ ਗਿਰ ਦੀ ਫਰੈਂਡਸ਼ਿਪ ਕਰਵਾ ਦਿੱਤੀ। ਅਪ੍ਰੈਲ 2024 ‘ਚ ਆਰੋਪੀ ਦੋਵਾਂ ਲੜਕੀਆਂ ਨੂੰ ਬਲੈਕਮੇਲ ਕਰਕੇ ਆਪਣੀ ਕਾਰ ‘ਚ ਕਿਸੇ ਅਣਪਛਾਤੀ ਜਗ੍ਹਾ ‘ਤੇ ਘਰ ‘ਚ ਲੈ ਗਏ, ਜਿੱਥੇ ਦੋਹਾਂ ਆਰੋਪੀਆਂ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਦੋਵੇਂ ਲੜਕੀਆਂ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੇ ਸਨ, ਜਿਸ ਕਾਰਨ ਜਦੋਂ ਮਾਮਲਾ ਪੁਲਸ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਮਾਮਲਾ ਦਰਜ ਕਰਵਾਇਆ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ-ਐਸ.ਐਚ.ਓ
ਜੁਲਕਾ ਥਾਣੇ ਦੇ ਐਸਐਚਓ ਅਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਉਮਰ 20 ਤੋਂ 22 ਸਾਲ ਦੱਸੀ ਜਾਂਦੀ ਹੈ ਪਰ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਹੀ ਇਨ੍ਹਾਂ ਦੀ ਅਸਲ ਉਮਰ ਅਤੇ ਪੂਰੇ ਮਾਮਲੇ ਦਾ ਪਤਾ ਲੱਗ ਸਕੇਗਾ। ਫਿਲਹਾਲ ਪੁਲਸ ਟੀਮ ਇਨ੍ਹਾਂ ਦੋਵਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।