ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ। ਇਸ ਮੌਕੇ ਬਾਬਾ ਸ਼੍ਰੀ ਚੰਦ ਜੀ ਕਲਚਰ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਸਮਾਉਂ ਦੇ ਮੁਖੀ ਤੇ ਸਮਾਜ ਸੇਵਕ ਪਾਲ ਸਿੰਘ ਸਮਾਉਂ ਅੱਜ ਮੂਸਾ ਪਿੰਡ ਸਿੱਧੂ ਦੀ ਹਵੇਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨਿੱਕੇ ਸਿੱਧੂ, ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਸਣੇ ਪਰਿਵਾਰਕ ਮੈਂਬਰਾਂ ਨਾਲ ਸਿੱਧੂ ਦੇ ਜਨਮਦਿਨ ਦਾ ਕੇਕ ਕੱਟਿਆ।

    ਇਸ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝੀ ਕਰਦਿਆਂ ਪਾਲ ਸਿੰਘ ਸਮਾਉਂ ਨੇ ਲਿਖਿਆ- ਅੱਜ ਸ਼ੁੱਭਦੀਪ ਸਿੰਘ ਸਿੱਧੂ (ਮੂਸੇਵਾਲੇ) ਜੀ ਦੇ ਜਨਮਦਿਨ ਮੌਕੇ ਛੋਟੇ ਸਿੱਧੂ ਸਮੇਤ ਮਾਤਾ ਜੀ ਤੇ ਬਾਪੂ ਬਲਕੌਰ ਸਿੰਘ ਜੀ ਨਾਲ…ਬਹੁਤ-ਬਹੁਤ ਮੁਬਾਰਕਾਂ ਸਿੱਧੂ ਵੀਰੇ ਤੁਸੀ ਹਮੇਸ਼ਾ ਹੀ ਸਾਡੇ ‘ਚ ਹੋ।

    ਪੁੱਤ ਮੂਸੇ ਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਦੇ ਭਾਵੁਕ ਹੁੰਦਿਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ‘ਚ ਚਰਨ ਕੌਰ ਨੇ ਲਿਖਿਆ- ਸ਼ੁੱਭ ਪੁੱਤ 2 ਸਾਲ ਹੋ ਗਏ ਆ, ਮੈਂ ਤੁਹਾਨੂੰ ਆਪਣੀ ਬੁੱਕਲ ਚ ਲੈ ਕੇ ਪਿਆਰ ਕਰਦਿਆਂ, ਜਨਮਦਿਨ ਦੀ ਵਧਾਈ ਨਹੀਂ ਦਿੱਤੀ। ਹਾਲਾਤ ਇਸ ਤਰ੍ਹਾਂ ਹੋ ਨਿਬੜਨਗੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਚ ਵੇਖ ਨਹੀਂ ਸਕਦੀ ਹਾਂ ਪਰ ਮੈਂ ਮਨ ਦੀਆਂ ਅੱਖਾਂ ਨਾਲ ਤੁਹਾਨੂੰ ਹਰ ਸਮੇਂ ਵੇਖਦੀ ਹਾਂ ਅਤੇ ਤੁਹਾਡੇ ਨਿੱਕੇ ਵੀਰ ਚ ਵੀ ਤੁਹਾਨੂੰ ਮਹਿਸੂਸ ਕਰਦੀ ਹਾਂ। ਬੇਟਾ ਅੱਜ ਤੁਹਾਡੇ ਜਨਮਦਿਨ ਤੇ ਮੈਂ ਅਕਾਲ ਪੁਰਖ ਅੱਖੇ ਇਨਸਾਫ਼ ਦੀ ਸੁਣਵਾਈ ਜਲਦ ਹੋਵੇ ਇਹੀ ਅਰਦਾਸ ਕਰਦੀ ਹਾਂ।ਦੱਸ ਦਈਏ ਕਿ ਸਿੱਧੂ ਨੇ ਮੁੱਖ ਤੌਰ ’ਤੇ ਪੰਜਾਬੀ ਸੰਗੀਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ’ਚ ਵੀ ਕੰਮ ਕੀਤਾ। ਮੂਸੇਵਾਲਾ ਨੂੰ ਆਮ ਤੌਰ ’ਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ ਤੇ ਕਈ ਉਸ ਨੂੰ ਸਭ ਤੋਂ ਮਹਾਨ ਤੇ ਸਭ ਤੋਂ ਵਿਵਾਦਪੂਰਨ ਪੰਜਾਬੀ ਕਲਾਕਾਰਾਂ ’ਚੋਂ ਇਕ ਮੰਨਦੇ ਹਨ। ਸਿੱਧੂ ਮੂਸੇ ਵਾਲਾ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ’ਚ ਇਕ ਪ੍ਰਮੁੱਖ ਸ਼ਖ਼ਸੀਅਤ ਮੰਨਿਆ ਜਾਂਦਾ ਹੈ। ਸਿੱਧੂ ਨੂੰ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ।