ਹਿਮਾਚਲ ਪ੍ਰਦੇਸ਼ ‘ਚ ਅੱਜ ਅਤੇ ਕੱਲ੍ਹ ਭਾਰੀ ਬਾਰਿਸ਼ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਲਈ 3 ਜ਼ਿਲਿਆਂ ਊਨਾ, ਕਾਂਗੜਾ, ਸਿਰਮੌਰ ਜ਼ਿਲੇ ‘ਚ ਚਿਤਾਵਨੀ ਜਾਰੀ ਕੀਤੀ ਗਈ ਹੈ, ਜਦਕਿ ਭਲਕੇ 5 ਜ਼ਿਲਿਆਂ ਊਨਾ, ਹਮੀਰਪੁਰ, ਬਿਲਾਸਪੁਰ, ਸ਼ਿਮਲਾ ਅਤੇ ਸਿਰਮੌਰ ‘ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿਚ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹਾਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਇਸ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਦੇ ਨਾਲ-ਨਾਲ ਪਹਾੜਾਂ ‘ਤੇ ਜਾਣ ਵਾਲੇ ਸੈਲਾਨੀਆਂ ਨੂੰ ਵੀ ਸਾਵਧਾਨੀ ਵਰਤਣ ਦੀ ਸਲਾਹ ਦਿਤੀ ਗਈ ਹੈ। ਅਗਲੇ ਦਿਨ ਯਾਨੀ 2 ਅਗਸਤ ਨੂੰ ਮਾਨਸੂਨ ਫਿਰ ਤੋਂ ਕਮਜ਼ੋਰ ਹੋ ਜਾਵੇਗਾ। 4 ਅਗਸਤ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਫਿਰ ਤੋਂ ਬਾਰਿਸ਼ ਹੋ ਸਕਦੀ ਹੈ।
ਸੂਬੇ ਵਿਚ ਪਿਛਲੇ ਤਿੰਨ ਦਿਨਾਂ ਤੋਂ ਮਾਨਸੂਨ ਸਰਗਰਮ ਹੋ ਗਿਆ ਹੈ। ਇਸ ਕਾਰਨ 29 ਜੁਲਾਈ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਚੰਗੀ ਬਾਰਿਸ਼ ਹੋਈ। 29 ਜੁਲਾਈ ਦੀ ਰਾਤ ਨੂੰ ਕੁੱਲੂ ਜ਼ਿਲ੍ਹੇ ਵਿੱਚ ਬੱਦਲ ਫਟਣ ਦੀਆਂ ਦੋ ਅਤੇ ਕਿਨੌਰ ਵਿੱਚ ਇੱਕ ਘਟਨਾ ਵਾਪਰੀ ਸੀ। ਇਸ ਨਾਲ ਭਾਰੀ ਨੁਕਸਾਨ ਹੋਇਆ ਹੈ। ਸੂਬੇ ਵਿੱਚ ਪੂਰੇ ਮਾਨਸੂਨ ਸੀਜ਼ਨ ਦੌਰਾਨ ਆਮ ਨਾਲੋਂ 36 ਫੀਸਦੀ ਘੱਟ ਮੀਂਹ ਪਿਆ ਹੈ। ਇਕ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿੱਥੇ ਪੂਰੇ ਸੀਜ਼ਨ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੋਵੇ। 1 ਜੂਨ ਤੋਂ 30 ਜੁਲਾਈ ਤੱਕ ਆਮ ਤੌਰ ‘ਤੇ 348.6 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਸ ਵਾਰ 224.4 ਮਿਲੀਮੀਟਰ ਬਾਰਿਸ਼ ਹੋਈ ਹੈ।
ਇਸ ਮਾਨਸੂਨ ਸੀਜ਼ਨ ‘ਚ ਸੂਬੇ ‘ਚ 433 ਕਰੋੜ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦ ਤਬਾਹ ਹੋ ਚੁੱਕੀ ਹੈ। ਭਾਰੀ ਮੀਂਹ ਕਾਰਨ 19 ਘਰ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਏ ਹਨ, ਜਦਕਿ 95 ਘਰਾਂ ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪੁੱਜਾ ਹੈ। ਇਸੇ ਤਰ੍ਹਾਂ 1 ਦੁਕਾਨ, 87 ਗਊ ਸ਼ੈੱਡ ਅਤੇ 5 ਲੇਬਰ ਸ਼ੈੱਡ ਵੀ ਮੀਂਹ ਕਾਰਨ ਨੁਕਸਾਨੇ ਗਏ ਹਨ।