ਕਹਿੰਦੇ ਹਨ ਕਿ ਮਾਪੇ ਆਪਣੇ ਪੁੱਤ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਭਵਿੱਖ ਉਜਵਲ ਹੋਏ ਅਤੇ ਜਦੋਂ ਉਨ੍ਹਾਂ ਦੇ ਬੱਚੇ ਮੁਕਾਮ ਹਾਸਲ ਕਰ ਲੈਂਦੇ ਹਨ ਤਾਂ ਸਭ ਤੋਂ ਜ਼ਿਆਦਾ ਖੁਸ਼ੀ ਮਾਪਿਆ ਨੂੰ ਹੁੰਦੀ ਹੈ।ਅਜਿਹੀ ਭਾਵਨਾਵਾਂ ਨਾਲ ਭਰੀ ਤਸਵੀਰ ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਤੋਂ ਸਾਹਮਣੇ ਆਈ। ਜਦੋਂ ਇਕ ਮਜ਼ਦੂਰ ਦਿਹਾੜੀਦਾਰ ਦਾ ਪੁੱਤ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ। ਘਰ ਆਉਂਦੇ ਹੀ ਉਸ ਨੇ ਆਪਣੀ ਮਾਂ ਨੂੰ ਇੰਝ ਸਲੂਟ ਕੀਤਾ ਜਿਵੇਂ ਆਪਣੇ ਸੀਨੀਅਰ ਅਫਸਰ ਨੂੰ ਮਾਰਦੇ ਹੋਵੇ।ਅਜਿਹਾ ਦੇਖ ਪਰਿਵਾਰ ਦਾ ਜਜ਼ਬਾਤੀ ਹੋਣਾ ਨਿਸ਼ਚਤ ਸੀ। ਜੀ ਹਾਂ ਅਸੀਂ ਗੱਲ ਕਰਦੇ ਹਾਂ ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਦੀ ਜਿੱਥੇ ਇੱਕ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਜਿਸ ਨੇ ਮਜ਼ਦੂਰੀ ਕਰ ਅਤੇ ਦਿਹਾੜੀਆਂ ਕਰ ਆਪਣੇ ਪੁੱਤ ਨੂੰ ਪਹਿਲਾਂ ਪੜਾਇਆ ਅਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਿਵਾਈ। ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸ ਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ ਅਤੇ ਅੱਜ ਉਹ ਫੌਜੀ ਬਣ ਪਹਿਲੀ ਵਾਰ ਘਰ ਪਰਤਿਆ ਤਾਂ ਘਰ ‘ਚ ਖੁਸ਼ੀ ਦਾ ਮਾਹੌਲ ਸੀ।
ਪੂਰੇ ਪਰਿਵਾਰ ਨੇ ਉਸ ‘ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਗੁਰਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਦਿਹਾੜੀਆਂ ਕੀਤੀਆਂ। ਉਨ੍ਹਾਂ ਦਾ ਪੁੱਤ ਗੁਰਪ੍ਰੀਤ ਵੀ ਉਨ੍ਹਾਂ ਨਾਲ ਦਿਹਾੜੀਆਂ ਕਰਦਾ ਰਿਹਾ। ਉਸ ਨੇ ਝੋਨੇ ਦੀ ਬਿਜਾਈ ਵੀ ਕੀਤੀ ਅਤੇ ਨਾਲ-ਨਾਲ ਫੌਜ ‘ਚ ਭਰਤੀ ਹੋਣ ਲਈ ਟ੍ਰੇਨਿੰਗ ਵੀ ਲੈਂਦਾ ਰਿਹਾ ਅਤੇ ਅੱਜ ਉਸ ਦੀ ਮਿਹਨਤ ਰੰਗ ਲਿਆਈ। ਉਸ ਨੇ ਫੌਜੀ ਬਣ ਕੇ ਸਾਡੀ ਮਿਹਨਤ ਦਾ ਮੁੱਲ ਮੋੜਿਆ ਹੈ।ਇਸ ਮੌਕੇ ਜਗਸੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਗਰੀਬੀ ਦੇਖੀ ਹੈ। ਉਸ ਨੇ ਖੇਤਾਂ ‘ਚ ਝੋਨਾ ਵੀ ਲਗਾਇਆ। ਨਾਲ ਹੀ ਉਸ ਨੇ ਫੌਜ ਦੀ ਭਰਤੀ ਲਈ ਬਹੁਤ ਮਿਹਨਤ ਕੀਤੀ ਅਤੇ ਤੀਜੀ ਕੋਸ਼ਿਸ਼ ‘ਚ ਉਹ ਭਰਤੀ ਹੋਇਆ ਅਤੇ ਅੱਜ ਉਹ ਭਾਰਤੀ ਫੌਜ ਦੀ ਸਿੱਖ ਬਟਾਲੀਅਨ ਦਾ ਹਿੱਸਾ ਹੈ ਅਤੇ ਸ਼੍ਰੀਨਗਰ ‘ਚ ਤੈਨਾਤ ਹੈ। ਉਸ ਨੇ ਕਿਹਾ ਕਿ ਪਹਿਲੀ ਵਾਰੀ ਛੁੱਟੀ ਆਇਆ ਅਤੇ ਉਸ ਦੀ ਮਾਂ ਦਾ ਸੁਪਨਾ ਸੀ ਕਿ ਉਹ ਵਰਦੀ ‘ਚ ਘਰ ਆਏ। ਇਸ ਲਈ ਉਹ ਵਰਦੀ ਪਾ ਕੇ ਘਰ ਆਇਆ ਇਥੇ ਉਸ ਦੇ ਸਾਰੇ ਪਰਿਵਾਰ ਨੇ ਉਸ ਦਾ ਬਹੁਤ ਵਧੀਆ ਸਵਾਗਤ ਕੀਤਾ।