ਫਾਜ਼ਿਲਕਾ ਰੇਲਵੇ ਸਟੇਸ਼ਨ ‘ਤੇ ਕੁਝ ਆਟੋ ਰਿਕਸ਼ਾ ਚਾਲਕਾਂ ਵੱਲੋਂ ਈ-ਰਿਕਸ਼ਾ ਚਾਲਕਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਦੋ ਈ-ਰਿਕਸ਼ਾ ਚਾਲਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿਚ ਕੁਝ ਲੋਕ ਇਕ ਈ-ਰਿਕਸ਼ਾ ਚਾਲਕ ਨੂੰ ਕੁੱਟਦੇ ਨਜ਼ਰ ਆ ਰਹੇ ਹਨ।
ਜਾਣਕਾਰੀ ਦਿੰਦਿਆਂ ਜ਼ਖ਼ਮੀ ਈ-ਰਿਕਸ਼ਾ ਚਾਲਕ ਮਹਿੰਦਰ ਸਿੰਘ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਫਾਜ਼ਿਲਕਾ ਰੇਲਵੇ ਸਟੇਸ਼ਨ ‘ਤੇ ਸਵਾਰੀਆਂ ਨੂੰ ਲੈ ਕੇ ਡੀਜ਼ਲ ਆਟੋ ਰਿਕਸ਼ਾ ਚਾਲਕਾਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ ਸੀ। ਜਿਸ ਤੋਂ ਬਾਅਦ ਮਾਮਲਾ ਉਥੇ ਹੀ ਖ਼ਤਮ ਹੋ ਗਿਆ।
ਇਸ ਤੋਂ ਬਾਅਦ ਅਗਲੇ ਦਿਨ ਜਦੋਂ ਉਹ ਸਵਾਰੀਆਂ ਨੂੰ ਲੈਣ ਰੇਲਵੇ ਸਟੇਸ਼ਨ ਗਏ ਤਾਂ ਉਥੇ ਮੌਜੂਦ ਵਿੱਕੀ ਬੱਤਰਾ, ਰਾਜੂ ਕਬਾੜੀਆ, ਬਬਲੂ ਅਤੇ ਕੁਝ ਹੋਰ ਡੀਜ਼ਲ ਆਟੋ ਰਿਕਸ਼ਾ ਚਾਲਕਾਂ ਨੇ ਉਸ ਦੀ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਉਸ ਨੂੰ ਕਈ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸ ਦਾ ਸਾਥੀ ਈ-ਰਿਕਸ਼ਾ ਚਾਲਕ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਿਆ।ਇਸ ਮੌਕੇ ਈ-ਰਿਕਸ਼ਾ ਡਰਾਈਵਰ ਯੂਨੀਅਨ ਦੇ ਫਾਜ਼ਿਲਕਾ ਪ੍ਰਧਾਨ ਰਤਨ ਲਾਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਈ-ਰਿਕਸ਼ਾ ਚਾਲਕ ਘੱਟ ਕਿਰਾਇਆ ਵਸੂਲਦੇ ਹਨ ਜਦਕਿ ਡੀਜ਼ਲ ਆਟੋ ਰਿਕਸ਼ਾ ਚਾਲਕ ਜ਼ਿਆਦਾ ਕਿਰਾਇਆ ਵਸੂਲਦੇ ਹਨ। ਕਿਰਾਇਆ ਘੱਟ ਹੋਣ ਕਾਰਨ ਜ਼ਿਆਦਾਤਰ ਸਵਾਰੀਆਂ ਆਪਣੇ ਈ-ਰਿਕਸ਼ਾ ਰਾਹੀਂ ਜਾਣ ਨੂੰ ਤਰਜੀਹ ਦਿੰਦੀਆਂ ਹਨ, ਜਿਸ ਕਾਰਨ ਡੀਜ਼ਲ ਆਟੋ ਰਿਕਸ਼ਾ ਚਾਲਕਾਂ ਦਾ ਬੁਰਾ ਹਾਲ ਹੈ। ਜਿਸ ਕਾਰਨ ਉਹ ਅਕਸਰ ਉਨ੍ਹਾਂ ਨਾਲ ਲੜਨ ਦੀ ਕੋਸ਼ਿਸ਼ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਇਨ੍ਹਾਂ ਆਟੋ ਰਿਕਸ਼ਾ ਚਾਲਕਾਂ ਨਾਲ ਲੜਾਈ ਹੋ ਚੁੱਕੀ ਹੈ। ਇਸ ਤੋਂ ਬਾਅਦ ਇਕ ਵਾਰ ਫਿਰ ਦੋ ਈ-ਰਿਕਸ਼ਾ ਚਾਲਕਾਂ ਨਾਲ ਕੁੱਟਮਾਰ ਕੀਤੀ ਗਈ। ਜਿਸ ਦੀ ਵੀਡੀਓ ਕਿਸੇ ਨੇ ਬਣਾਈ ਸੀ। ਜਿਸ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕੁਝ ਆਟੋ ਰਿਕਸ਼ਾ ਚਾਲਕ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਪੁਲਿਸ ਤੋਂ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਾਰਵਾਈ ਨਾ ਹੋਣ ‘ਤੇ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਵੀ ਦਿਤੀ ਹੈ। ਪੀੜਤ ਈ-ਰਿਕਸ਼ਾ ਚਾਲਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।