ਅਮਰੀਕਾ ਦੇ ਫ਼ਲੋਰੀਡਾ ਸੂਬੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਫ਼ਲੋਰੀਡਾ ਦੇ ਮਿਆਮੀ ਸ਼ਹਿਰ ’ਚ ਕਤਲ ਅਤੇ ਫਿਰ ਖ਼ੁਦਕੁਸ਼ੀ ਨੇ ਸੱਭ ਨੂੰ ਹੈਰਾਨ ਕਰ ਦਿਤਾ ਹੈ। ਦਰਅਸਲ ਇਕ ਮਾਡਲ ਨੇ ਅਪਣੇ ਪਤੀ ਨੂੰ 5 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿਤਾ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਅਪਣੀ ਜਾਨ ਲੈ ਲਈ। ਦੂਜਿਆਂ ਨੂੰ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਬਾਲਕੋਨੀ ਤੋਂ ਹੇਠਾਂ ਜ਼ਮੀਨ ’ਤੇ ਖ਼ੂਨ ਡਿੱਗਦਾ ਦੇਖਿਆ।
ਇਸ ਔਰਤ ਦੀ ਪਛਾਣ 27 ਸਾਲਾ ਮਾਡਲ ਸਬਰੀਨਾ ਕਾਸਨੀਕੀ ਵਜੋਂ ਹੋਈ ਹੈ। ਸਬਰੀਨਾ ਕੋਸੋਵੋ ਦੀ ਰਹਿਣ ਵਾਲੀ ਸੀ। ਉਹ ਡੇਜੇਫੇਰੋਵਿਕ ਲਈ ਮਾਡਲਿੰਗ ਕਰਦੀ ਸੀ। ਮਾਡਲ ਨੇ ਬੁੱਧਵਾਰ ਰਾਤ ਨੂੰ ਮਿਆਮੀ ਬੀਚ ਦੇ ਕਲੱਬ 99 ਹਾਲੈਂਡਲੇ ਕੰਡੋ ਟਾਵਰ ਵਿਚ ਇਸ ਵਾਰਦਾਤ ਨੂੰ ਅੰਜ਼ਾਮ ਦਿਤਾ। ਰਾਤ ਕਰੀਬ ਸਾਢੇ 12 ਵਜੇ ਉਸ ਨੇ ਅਚਾਨਕ ਅਪਣੇ 34 ਸਾਲਾ ਪਤੀ ਪਜ਼ਤੀਮ ਕਾਸਨੀਕੀ ਨੂੰ ਇਕ ਤੋਂ ਬਾਅਦ ਇਕ 5 ਗੋਲੀਆਂ ਮਾਰ ਦਿਤੀਆਂ। ਇਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਆਸ-ਪਾਸ ਦੇ ਲੋਕ ਬਾਲਕੋਨੀ ਵਿਚ ਖੂਨ ਦੇਖ ਕੇ ਘਬਰਾ ਗਏ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿਤੀ ਗਈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਫ਼ਿਲਹਾਲ ਉਸ ਵਲੋਂ ਅਪਣੇ ਪਤੀ ਨੂੰ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੂੰ ਫ਼ਲੈਟ ਦੇ ਅੰਦਰ ਸਬਰੀਨਾ ਪਿੱਠ ਦੇ ਭਾਰ ਹੇਠਾਂ ਡਿੱਗੀ ਪਈ ਸੀ। ਉਥੇ ਹੀ ਪਜ਼ਤੀਮ ਬਾਲਕੋਨੀ ਵਿਚ ਮੂੰਹ ਦੇ ਭਾਰ ਡਿੱਗਾ ਪਿਆ ਸੀ। ਘਰ ਅੰਦਰ ਟੀਵੀ ਚੱਲ ਰਿਹਾ ਸੀ। ਪੁਲਿਸ ਇਸ ਘਟਨਾ ਦੀ ਹਤਿਆ ਅਤੇ ਖ਼ੁਦਕੁਸ਼ੀ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ।