ਵੈਸੇ ਤਾਂ ਪੰਜਾਬੀਆਂ ਨੇ ਵਿਦੇਸ਼ਾ ਵਿੱਚ ਵੱਡੀਆ ਮੱਲਾਂ ਮਾਰੀਆ ਹਨ। ਆਏ ਦਿਨ ਵਿਦੇਸ਼ਾ ਵਿੱਚ ਪੰਜਾਬੀਆ ਦੀਆ ਪ੍ਰਾਪਤੀਆ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਇਟਲੀ ਵਿੱਚ ਭਾਸ਼ਾ ਨਾ ਆਉਣ ਜਾਂ ਘੱਟ ਆਉਣ ਦੇ ਚਲਦਿਆਂ ਇਹ ਕਿਹਾ ਜਾਂਦਾ ਸੀ ਕਿ ਇਟਲੀ ਵਿੱਚ ਆਏ ਭਾਰਤੀ ਕਾਮੇ ਸਿਰਫ ਖੇਤੀਬਾੜੀ ਅਤੇ ਡੇਅਰੀ ਫਾਰਮ ਨਾਲ ਸੰਬੰਧਿਤ ਕੰਮਾਂ ਲਈ ਹੀ ਸੀਮਿਤ ਹਨ।ਇਟਲੀ ਵਿੱਚ ਜੰਮੀ ਪਲੀ ਪੰਜਾਬੀ ਪੀੜੀ ਨੇ ਚੰਗੀ ਵਿੱਦਿਆਂ ਇਟਾਲੀਅਨ ਭਾਸ਼ਾ ਵਿੱਚ ਹਾਸਿਲ ਕੀਤੀ।
ਹੁਣ ਇਟਲੀ ਵਿੱਚ ਪੰਜਾਬੀਆਂ ਦੁਆਰਾ ਆਏ ਦਿਨ ਚੰਗੀਆਂ ਨੌਕਰੀਆਂ ਪ੍ਰਾਪਤ ਕਰਨ ਦੀਆ ਖਬਰਾਂ ਮਿਲਦੀਆ ਹਨ। ਇਟਲੀ ਵਿੱਚ ਹੁਣ 24 ਸਾਲਾਂ ਪੰਜਾਬੀ ਨੌਜਵਾਨ ਰੁਪਿੰਦਰ ਸਿੰਘ ਨੇ ਟ੍ਰੇਨ ਚਾਲਕ ਬਣ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨੌਜਵਾਨ ਦੇ ਪਿਤਾ ਜਗਜੀਤ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਨੇ ਖੁਸ਼ੀ ਪ੍ਰਗਟ ਕਰਦਿਆ ਦੱਸਿਆ ਕਿ ਉਹਨਾਂ ਦਾ ਬੇਟਾ ਪੜਾਈ ਵਿੱਚ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਆਇਆ ਹੈ। ਉਹਨਾਂ ਕਿਹਾ ਕਿ ਰੁਪਿੰਦਰ ਸਿੰਘ ਇਟਲੀ ਦਾ ਜੰਮਪਲ ਹੈ ਅਤੇ ਉਹ ਪੰਜਾਬ ਦੇ ਪਿੰਡ ਗੜਦੀਵਾਲਾ ਹੁਸ਼ਿਅਰਪੁਰ ਨਾਲ ਸੰਬੰਧਿਤ ਹਨ ਅਤੇ ਉਹਨਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਪਵੀਲੀੳ (ਰਿਜੋ ਇਮੀਲ਼ੀਆ) ਵਿਖੇ ਰਹਿੰਦਾ ਹੈ।
ਰੁਪਿੰਦਰ ਨੇ ਇਟਲੀ ਦੇ ਜਿਲਾ ਮਾਨਤੋਵਾ ਦੇ ਸ਼ਹਿਰ ਵਿਆਦਨਾ ਵਿਖੇ ਡਿਪਲੋਮਾ ਪੂਰਾ ਕੀਤਾ। ਉਪਰੰਤ ਇਮੀਲੀਆ ਰੋਮਾਨਾ ਸੂਬੇ ਬੋਲੋਨੀਆ ਵਿਖੇ ਟ੍ਰੇਨ ਚਲਾਉਣ ਦੀ ਟ੍ਰੇਨਿੰਗ ਪ੍ਰਾਪਤ ਕੀਤੀ। ਹੁਣ ਉਸਨੇ ਟ੍ਰੇਨ ਇਟਾਲੀਆਂ ਵਿੱਚ ਆਪਣੀ ਨੌਕਰੀ ਸ਼ੁਰੂ ਕੀਤੀ ਹੈ। ਜੋ ਕਿ ਬੋਲੋਨੀਆ ਤੋਂ ਵੱਖ ਵੱਖ ਸ਼ਹਿਰਾਂ ਲਈ ਟ੍ਰੇਨ ਚਲਾਉਂਦਾ ਹੈ। ਮਾਪਿਆਂ ਨੇ ਮਾਣ ਨਾਲ ਕਿਹਾ ਕਿ ਉਹਨਾਂ ਦੇ ਬੇਟੇ ਨੇ ਵਿਦੇਸ਼ ਵਿੱਚ ਟ੍ਰੇਨ ਚਾਲਕ ਦੀ ਨੌਕਰੀ ਪ੍ਰਾਪਤ ਕਰਕੇ ਮਾਣ ਵਧਾਇਆ ਹੈ।