ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸ ਨੂੰ ਭਾਰਤ ਦੇ ਦੁੱਖ-ਸੁੱਖ ਦਾ ਸਾਥੀ ਅਤੇ ਸਭ ਤੋਂ ਭਰੋਸੇਮੰਦ ਦੋਸਤ ਦਸਦਿਆਂ ਪਿਛਲੇ ਦੋ ਦਹਾਕਿਆਂ ’ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਯੂਕਰੇਨ ਜੰਗ ਨੂੰ ਲੈ ਕੇ ਰੂਸੀ ਆਗੂ ਨੂੰ ਅਲੱਗ-ਥਲੱਗ ਕਰਨ ਦੀਆਂ ਪੱਛਮੀ ਮੁਲਕਾਂ ਦੀਆਂ ਕੋਸ਼ਿਸ਼ਾਂ ਵਿਚਾਲੇ ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪੂਤਿਨ ਦੀਆਂ ਤਾਰੀਫ਼ਾਂ ਕੀਤੀਆਂ।

    ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਦਹਾਕਿਆਂ ਤੋਂ ਭਾਰਤ ਤੇ ਰੂਸ ਵਿਚਾਲੇ ਜੋ ਵਿਲੱਖਣ ਰਿਸ਼ਤਾ ਰਿਹਾ ਹੈ, ਮੈਂ ਉਸ ਦਾ ਕਾਇਲ ਹਾਂ। ਰੂਸ ਸ਼ਬਦ ਸੁਣਦੇ ਹੀ ਹਰ ਭਾਰਤੀ ਦੇ ਮਨ ’ਚ ਜੋ ਪਹਿਲਾ ਸ਼ਬਦ ਆਉਂਦਾ ਹੈ, ਉਹ ਇਹ ਕਿ ਉਹ ਭਾਰਤ ਦੇ ਦੁਖ-ਸੁਖ ਦਾ ਸਾਥੀ ਹੈ। ਭਾਰਤ ਦਾ ਭਰੋਸੇਯੋਗ ਮਿੱਤਰ।’ ਉਨ੍ਹਾਂ ਕਿਹਾ, ‘ਰੂਸ ’ਚ ਸਰਦੀਆਂ ਵਿੱਚ ਤਾਪਮਾਨ ਜਮਾਉ ਦਰਜੇ ਤੋਂ ਕਿੰਨਾ ਵੀ ਹੇਠਾਂ ਕਿਉਂ ਨਾ ਚਲਾ ਜਾਵੇ ਪਰ ਭਾਰਤ ਤੇ ਰੂਸ ਦੀ ਦੋਸਤੀ ਹਮੇਸ਼ਾ ਨਿੱਘੀ ਰਹੀ ਹੈ, ਗਰਮਜੋਸ਼ੀ ਭਰੀ ਰਹੀ ਹੈ।’ ਉਨ੍ਹਾਂ ਕਿਹਾ ਕਿ ਇਹ ਰਿਸ਼ਤਾ ਆਪਸੀ ਭਰੋਸੇ ਤੇ ਸਨਮਾਨ ਦੀ ਮਜ਼ਬੂਤ ਨੀਂਹ ’ਤੇ ਟਿਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੰਘੇ ਦੋ ਦਹਾਕਿਆਂ ਤੋਂ ਭਾਰਤ ਤੇ ਰੂਸ ਦੀ ਮਿੱਤਰਤਾ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਉਹ ਆਪਣੇ ਮਿੱਤਰ ਪੂਤਿਨ ਦੀ ਸ਼ਲਾਘਾ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਦੁਨੀਆ ਨੇ ਪ੍ਰਭਾਵ ਕਬੂਲਣ ਵਾਲਾ ਆਲਮੀ ਪ੍ਰਬੰਧ ਦੇਖਿਆ ਹੈ। ਉਨ੍ਹਾਂ ਕਿਹਾ, ‘ਦੁਨੀਆ ਨੂੰ ਪ੍ਰਭਾਵ ਦੀ ਨਹੀਂ ਬਲਕਿ ਆਪਸੀ ਮੇਲ-ਮਿਲਾਪ ਦੀ ਜ਼ਰੂਰਤ ਹੈ ਤੇ ਭਾਰਤ ਤੋਂ ਬਿਹਤਰ ਕੋਈ ਵੀ ਇਹ ਸੁਨੇਹਾ ਨਹੀਂ ਦੇ ਸਕਦਾ ਜਿੱਥੇ ਮੇਲ-ਮਿਲਾਪ ਦੀ ਪੂਜਾ ਕਰਨ ਦੀ ਮਜ਼ਬੂਤ ਰਵਾਇਤ ਰਹੀ ਹੈ।’ ਉਨ੍ਹਾਂ ਕਿਹਾ ਕਿ ਭਾਰਤ ਅੱਜ ਤਬਦੀਲੀ ਦੇ ਦੌਰ ’ਚੋਂ ਲੰਘ ਰਿਹਾ ਹੈ ਅਤੇ ਪਿਛਲੇ 10 ਸਾਲਾਂ ’ਚ ਹੋਏ ਇਸ ਦੇ ਵਿਕਾਸ ਨੇ ਸਾਰੀ ਦੁਨੀਆ ਨੂੰ ਹੈਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਬਦਲ ਰਿਹਾ ਹੈ ਕਿਉਂਕਿ ਉਹ ਆਪਣੇ 140 ਕਰੋੜ ਨਾਗਰਿਕਾਂ ਦੀ ਤਾਕਤ ’ਚ ਯਕੀਨ ਰੱਖਦਾ ਹੈ ਜੋ ਹੁਣ ‘ਵਿਕਸਿਤ ਭਾਰਤ’ ਦੇ ਸੰਕਲਪ ਨੂੰ ਹਕੀਕਤ ’ਚ ਬਦਲਣ ਦਾ ਸੁਫਨੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਦੇਸ਼ ਨੇ ਵਿਕਾਸ ਦਾ ਟਰੇਲਰ ਦੇਖਿਆ ਹੈ ਜਦਕਿ ਆਉਣ ਵਾਲੇ 10 ਸਾਲ ਤੇਜ਼ ਵਿਕਾਸ ਦੇ ਹੋਣਗੇ ਅਤੇ ਭਾਰਤ ਦੀ ਨਵੀਂ ਰਫ਼ਤਾਰ ਦੁਨੀਆ ਦੇ ਵਿਕਾਸ ਦਾ ਨਵਾਂ ਅਧਿਆਏ ਲਿਖੇਗੀ। ਉਨ੍ਹਾਂ ਕਿਹਾ ਕਿ ਦੁਨੀਆ ਦੇ ਲੋਕ ਜਦੋਂ ਭਾਰਤ ਆਉਂਦੇ ਹਨ ਤਾਂ ਕਹਿੰਦੇ ਹਨ ਕਿ ਭਾਰਤ ਬਦਲ ਰਿਹਾ ਹੈ। ਭਾਰਤ ਦਾ ਕਾਇਆ ਕਲਪ ਹੋ ਰਿਹਾ ਹੈ ਤੇ ਭਾਰਤ ਦਾ ਨਵ-ਨਿਰਮਾਣ ਸਾਫ-ਸਾਫ਼ ਦਿਖਾਈ ਦੇ ਰਿਹਾ ਹੈ।