ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਮਹੀਨੇ ਵਿੱਚ ਮਸਕਟ ਓਮਾਨ ਤੇ ਇਰਾਕ ਵਿੱਚੋਂ 17 ਕੁੜੀਆਂ ਦੀ ਸੁਰੱਖਿਅਤ ਵਾਪਸੀ ਹੋਈ ਹੈ। ਅਰਬ ਦੇਸ਼ਾਂ ਵਿੱਚ ਇਹ ਕੁੜੀਆਂ ਪਿਛਲੇ 6-7 ਮਹੀਨਿਆਂ ਤੋਂ ਟਰੈਵਲ ਏਜੰਟਾਂ ਦੇ ਚੁੰਗਲ ਵਿੱਚ ਫਸੀਆਂ ਹੋਈਆਂ ਸਨ। ਹੁਣ ਤੱਕ ਅਰਬ ਦੇਸ਼ਾਂ ਵਿੱਚੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਾਪਿਸ ਲਿਆਂਦੀਆਂ ਲੜਕੀਆਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ। ਦੇਸ਼ ਪਰਤੀਆਂ ਇਹਨਾਂ 17 ਕੁੜੀਆਂ ਵਿੱਚ ਇਕ ਕੁੜੀ ਝਾਰਖੰਡ ਦੀ ਹੈ ਤੇ ਬਾਕੀ ਪੰਜਾਬ ਦੀਆਂ ਹਨ।
ਇਹਨਾਂ ਵਿੱਚੋਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ ਤਿੰਨ ਕੁੜੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਕੋਲੋਂ ਗੈਰ-ਮਨੁੱਖੀ ਕੰਮ ਕਰਵਾਇਆ ਜਾ ਰਿਹਾ ਸੀ। ਉਹਨਾਂ ਕੋਲੋਂ ਜ਼ਬਰੀ ਵੱਡੇ ਜਾਨਵਰਾਂ ਦਾ ਮਾਸ ਕੱਟਣ ਅਤੇ ਉਹਨਾਂ ਦਾ ਭੋਜਨ ਬਣਾਉਣ ਲਈ ਕਿਹਾ ਜਾਂਦਾ ਸੀ। ਨਵਾਂ ਸ਼ਹਿਰ, ਅੰਮ੍ਰਿਤਸਰ ਤੇ ਮੁਹਾਲੀ ਜ਼ਿਲ੍ਹਿਆਂ ਤੋਂ ਆਈਆਂ ਇਹਨਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਿ ਉਹ ਆਪਣੀਆਂ ਧੀਆਂ ਨੂੰ ਭੁੱਲ ਕਿ ਵੀ ਮਸਕਟ ਅਤੇ ਇਰਾਕ ਵਰਗੇ ਮੁਲਕਾਂ ਵਿੱਚ ਨਾ ਭੇਜਣ।
ਵਾਪਿਸ ਆਈਆਂ ਇਹਨਾਂ ਲੜਕੀਆਂ ਵਿੱਚੋਂ ਨਵਾਂ ਸ਼ਹਿਰ ਜਿਲ੍ਹੇ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਮਸਕਟ ਵਿੱਚ ਜਿੱਥੇ ਉਹ ਕੰਮ ਵਿੱਚ ਕਰਦੀ ਸੀ ਉੱਥੇ ਤਿਲਕ ਕਿ ਡਿੱਗ ਪਈ ਸੀ ਤੇ ਉਸਦੀ ਲੱਤ ਟੁੱਟ ਗਈ ਸੀ। ਪਰ ਉੱਥੇ ਉਸਦਾ ਕੋਈ ਵੀ ਇਲਾਜ਼ ਨਹੀ ਸੀ ਕਰਾਇਆ ਜਾਂਦਾ ਸਗੋਂ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ। ਉੱਥੇ ਸਾਰੀਆਂ ਹੀ ਲੜਕੀਆਂ ਨਾਲ ਅਜਿਹਾ ਵਿਹਾਰ ਕੀਤਾ ਜਾ ਰਿਹਾ ਸੀ।
ਮੋਹਾਲੀ ਨਾਲ ਸੰਬੰਧਿਤ ਲੜਕੀ ਨੇ ਦੱਸਿਆ ਕਿ ਉੱਥੇ ਲੜਕੀਆਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਹਨਾਂ ਨਾਲ ਜ਼ਬਰਨ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ। ਇਸੇ ਤਰ੍ਹਾਂ ਅਮ੍ਰਿੰਤਸਰ ਜਿਲ੍ਹੇ ਦੀ ਵਾਪਿਸ ਆਈ ਲੜਕੀ ਨੇ ਦੱਸਿਆ ਕਿ ਉੱਥੇ ਸ਼ੁਰੂ ਵਿੱਚ ਏਜੰਟਾਂ ਵੱਲੋਂ ਲੜਕੀਆਂ ਨਾਲ ਬਹੁਤ ਵਧੀਆਂ ਸਲੂਕ ਕੀਤਾ ਜਾਂਦਾ ਹੈ। ਪਰ ਜਿਉਂ ਹੀ ਲੜਕੀਆਂ ਕੋਲੋਂ ਅਰਬੀ ਭਾਸ਼ਾ ਵਿੱਚ ਲਿਖੇ ਹਲਫਨਾਮੇ ਤੇ ਦਸਤਖਤ ਕਰਵਾ ਲੈਂਦੇ ਹਨ ਤਾਂ ਉਹਨਾਂ ਦਾ ਵਤੀਰਾ ਬਦਲ ਜਾਂਦਾ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਮਸਕਟ ਓਮਾਨ ਤੋਂ ਵਾਪਿਸ ਆਈਆਂ ਲੜਕੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਉਹ ਸੰਕਟ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੇ ਹਨ। ਸੰਤ ਸੀਚੇਵਾਲ ਨੇ ਪੀੜਤ ਲੜਕੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦਾ ਮਸਲਾ ਪੰਜਾਬ ਦੇ ਡੀ.ਜੀ.ਪੀ ਕੋਲ ਉਠਾਇਆ ਜਾਵੇਗਾ ਤਾਂ ਜੋ ਅਜਿਹੇ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ। ਨਾਲ ਹੀ ਉਨ੍ਹਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੇ ਧੰਨਵਾਦ ਕੀਤਾ।