ਬੀਤੀ ਦੇਰ ਰਾਤ ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ ਵਿਚ ਮਜ਼ਦੂਰਾਂ ਨਾਲ ਭਰੀ ਇਕ ਸਕਾਰਪਿਓ ਪਲਟ ਗਈ, ਜਿਸ ਵਿਚ ਡੁੱਬਣ ਕਾਰਨ ਇੱਕ ਵਿਅਕਤੀ ਕੁਲਵਿੰਦਰ ਸਿੰਘ ਵਾਸੀ ਪਿੰਡ ਆਲੀਕੇ, ਜ਼ਿਲ੍ਹਾ ਬਠਿੰਡਾ ਦੀ ਮੌਤ ਹੋ ਗਈ, ਜਦਕਿ ਡਰਾਈਵਰ ਗੁਰਲਾਲ ਸਿੰਘ, ਪੁਸ਼ਪਿੰਦਰ ਸਿੰਘ, ਬਲਕਾਰ ਸਿੰਘ, ਬਲਕਾਰ ਸਿੰਘ ਤੇ ਜਸਵਿੰਦਰ ਸਿੰਘ ਜ਼ਖ਼ਮੀ ਹੋ ਗਏ।

    ਜਾਣਕਾਰੀ ਅਨੁਸਾਰ ਪਿੰਡ ਆਲੀਕੇ ਦੇ ਸਾਰੇ ਵਾਸੀ ਖੇਤਾਂ ਵਿਚ ਪਾਈਪਾਂ ਪਾਉਣ ਦਾ ਕੰਮ ਕਰਦੇ ਹਨ, ਜੋ ਕਿ ਬਠਿੰਡਾ ਤੋਂ ਰੋਪੜ ਵੱਲ ਨੂੰ ਜਾ ਰਹੇ ਸਨ ਕਿ ਰਾਤ ਕਰੀਬ 10 ਵਜੇ ਸਰਹਿੰਦ ਨਹਿਰ ਦੇ ਪਵਾਤ ਪੁਲ ਨੇੜੇ ਇਨ੍ਹਾਂ ਦੀ ਸਕਾਰਪਿਓ ਕਾਰ ਸੰਤੁਲਨ ਗਵਾ ਕੇ ਨਹਿਰ ਵਿਚ ਜਾ ਡਿੱਗੀ।

    ਗੱਡੀ ਨਹਿਰ ਵਿਚ ਡਿੱਗਣ ਕਾਰਨ ਇਸ ਵਿਚ ਸਵਾਰ ਸਾਰੇ ਵਿਅਕਤੀ ਸ਼ੀਸ਼ੇ ਤੋੜ ਕੇ ਬੜੀ ਮੁਸ਼ਕਿਲ ਨਾਲ ਬਾਹਰ ਨਿਕਲਣ ਦਾ ਯਤਨ ਕਰਦੇ ਰਹੇ ਅਤੇ ਇਨ੍ਹਾਂ ਨੇ ਬਚਾਅ ਲਈ ਰੌਲਾ ਪਾਇਆ। ਇਨ੍ਹਾਂ ਦਾ ਰੌਲਾ ਸੁਣ ਕੇ ਉੱਥੋਂ ਲੰਘ ਰਿਹਾ ਪਿੰਡ ਬਹਿਲੋਲਪੁਰ ਦਾ ਸਾਬਕਾ ਫੌਜੀ ਹਰਜਿੰਦਰ ਸਿੰਘ ਰੁਕ ਗਿਆ, ਜਿਸ ਨੇ ਨਹਿਰ ਵਿਚ ਡਿੱਗੇ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ।

    ਘਟਨਾ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਨੇ ਨਹਿਰ ਵਿਚ ਡਿੱਗੇ ਇਨ੍ਹਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ। ਜਖ਼ਮੀਆਂ ਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ’ਚੋਂ ਇੱਕ ਵਿਅਕਤੀ ਕੁਲਵਿੰਦਰ ਸਿੰਘ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ।

    ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ, ਜਦਕਿ ਜਖ਼ਮੀਆਂ ਵਿਚ ਇੱਕ ਵਿਅਕਤੀ ਪੁਸ਼ਪਿੰਦਰ ਸਿੰਘ ਇਲਾਜ ਅਧੀਨ ਹੈ ਅਤੇ ਬਾਕੀ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ।

    ਨਹਿਰ ਵਿਚ ਪਲਟੀ ਸਕਾਰਪਿਓ ਕਾਰ ’ਚੋਂ ਡੁੱਬਦੇ ਵਿਅਕਤੀਆਂ ਨੂੰ ਬਚਾਉਣ ਲਈ ਕਾਰਗਿਲ ਦਾ ਸੇਵਾਮੁਕਤ ਫੌਜੀ ਹਰਜਿੰਦਰ ਸਿੰਘ ਵਾਸੀ ਬਹਿਲੋਲਪੁਰ ਇਨ੍ਹਾਂ ਲਈ ਮਸੀਹਾ ਬਣ ਕੇ ਆਇਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ 2 ਲੜਕਿਆਂ ਤੇ ਪਰਿਵਾਰ ਸਮੇਤ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ ਜਿਸ ਦੀ ਗੱਡੀ ਅੱਗੇ ਇਹ ਹਾਦਸਾਗ੍ਰਸਤ ਹੋਣ ਵਾਲੀ ਸਕਾਰਪਿਓ ਗੱਡੀ ਜਾ ਰਹੀ ਸੀ। ਉਸ ਨੇ ਦੇਖਿਆ ਕਿ ਅਚਾਨਕ ਸਕਾਰਪਿਓ ਗੱਡੀ ਸੜਕ ਤੋਂ ਲਾਪਤਾ ਹੋ ਗਈ ਅਤੇ ਉਸ ਨੂੰ ਸ਼ੰਕਾ ਹੋਈ ਕਿ ਗੱਡੀ ਨਹਿਰ ਵਿਚ ਜਾ ਗਿਰੀ। ਜਦੋਂ ਉਸ ਨੇ ਆਪਣੀ ਗੱਡੀ ਰੋਕ ਕੇ ਦੇਖਿਆ ਤਾਂ ਸਡ਼ਕ ਤੋਂ ਹੇਠਾਂ ਨਹਿਰ ਵੱਲ ਇਹ ਗੱਡੀ ਨਹਿਰ ਵਿਚ ਡਿੱਗੀ ਹੋਈ ਜਿਸ ਵਿਚ ਸਵਾਰ ਵਿਅਕਤੀ ਬਚਾਓ-ਬਚਾਓ ਦਾ ਰੌਲਾ ਪਾ ਰਹੇ ਸਨ।

    ਸੇਵਾਮੁਕਤ ਫ਼ੌਜੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ 2 ਲੜਕਿਆਂ ਸਮੇਤ ਨਹਿਰ ਵਿਚ ਉਤਰਿਆ ਜਿੱਥੇ ਜਾ ਕੇ ਉਸ ਨੇ ਗੱਡੀ ਦਾ ਸ਼ੀਸ਼ਾ ਭੰਨਿਆ ਅਤੇ ਵਿਅਕਤੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਸੇਵਾਮੁਕਤ ਫ਼ੌਜੀ ਅਨੁਸਾਰ ਉਸ ਨੇ ਬਹੁਤ ਮੁਸ਼ੱਕਤ ਨਾਲ 5 ਵਿਅਕਤੀਆਂ ਨੂੰ ਕਿਨਾਰੇ ’ਤੇ ਪਹੁੰਚਾ ਦਿੱਤਾ ਪਰ ਇੱਕ ਵਿਅਕਤੀ ਕੁਲਵਿੰਦਰ ਸਿੰਘ ਦੀ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ।

    ਕਾਰਗਿੱਲ ਦੀ ਲੜਾਈ ਲੜਨ ਵਾਲਾ ਸੇਵਾਮੁਕਤ ਫ਼ੌਜੀ ਹਰਜਿੰਦਰ ਸਿੰਘ ਦੀ ਬਹਾਦਰੀ ਕਿ ਉਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ਵਿਚ ਡੁੱਬਦੇ 5 ਵਿਅਕਤੀਆਂ ਨੂੰ ਬਚਾਇਆ। ਮਾਛੀਵਾੜਾ ਪੁਲਿਸ ਵੀ ਘਟਨਾ ਦੀ ਸੂਚਨਾ ਮਿਲਣ ’ਤੇ ਤੁਰੰਤ ਪਹੁੰਚ ਗਈ ਸੀ ਜਿਨ੍ਹਾਂ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਨਹਿਰ ਵਿਚ ਡੁੱਬੀ ਗੱਡੀ ਨੂੰ ਬਾਹਰ ਕੱਢਿਆ ਗਿਆ।