ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ‘ਚ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਦਾਅਵਾ ਕੀਤਾ ਹੈ ਅਤੇ ਉਨ੍ਹਾਂ ਨੇ ਇਸ ‘ਤੇ ਕਿਹਾ, ’ਮੈਂ’ਤੁਸੀਂ ਮਜ਼ਾਕ ਨਹੀਂ ਕਰ ਰਿਹਾ।’ ਉਨ੍ਹਾਂ ਦੇ ਇਸ ਬਿਆਨ ਨੇ ਪੂਰੀ ਦੁਨੀਆ ‘ਚ ਹਲਚਲ ਮਚਾ ਦਿੱਤੀ ਹੈ ਕਿਉਂਕਿ ਅਮਰੀਕੀ ਸੰਵਿਧਾਨ ਮੁਤਾਬਕ ਕੋਈ ਵੀ ਵਿਅਕਤੀ ਸਿਰਫ 2 ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਚੁਣਿਆ ਜਾ ਸਕਦਾ ਹੈ।

    ਅਜਿਹੇ ‘ਚ ਸਵਾਲ ਉੱਠਦਾ ਹੈ ਕਿ ਕੀ ਟਰੰਪ ਸੱਚਮੁੱਚ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਇਰਾਦਾ ਰੱਖਦੇ ਹਨ ਜਾਂ ਇਹ ਉਨ੍ਹਾਂ ਦਾ ਇਕ ਹੋਰ ਮਜ਼ਾਕ ਹੈ?
    ਦਰਅਸਲ ਐਤਵਾਰ, 30 ਮਾਰਚ ਨੂੰ ਇਕ ਇੰਟਰਵਿਊ ਵਿਚ ਟਰੰਪ ਨੇ ਕਿਹਾ ਕਿ ‘ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਤੀਜੀ ਵਾਰ ਰਾਸ਼ਟਰਪਤੀ ਬਣਨ ਦਾ ਰਸਤਾ ਖੋਲ੍ਹਿਆ ਜਾ ਸਕਦਾ ਹੈ’। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਇਸ ਬਾਰੇ ਸੋਚਣਾ ਬਹੁਤ ਜਲਦੀ ਹੈ।’

    ਇਸ ਬਿਆਨ ਨਾਲ ਟਰੰਪ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਸਿਰਫ਼ ਮਜ਼ਾਕ ਨਹੀਂ ਕਰ ਰਹੇ ਸਨ, ਸਗੋਂ ਕੁਝ ਗੰਭੀਰ ਸੋਚ ਰਹੇ ਸਨ। ਅਮਰੀਕੀ ਸੰਵਿਧਾਨ ਦੀ 22ਵੀਂ ਸੋਧ, ਜੋ 1951 ਵਿੱਚ ਲਾਗੂ ਹੋਈ ਸੀ, ਕਿਸੇ ਵੀ ਰਾਸ਼ਟਰਪਤੀ ਨੂੰ ਦੋ ਵਾਰ ਤੋਂ ਵੱਧ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੰਦੀ। ਇਹ ਸੋਧ ਫਰੈਂਕਲਿਨ ਡੀ. ਰੂਜ਼ਵੈਲਟ ਦੇ ਚਾਰ ਕਾਰਜਕਾਲਾਂ ਤੋਂ ਬਾਅਦ ਲਿਆਂਦੀ ਗਈ ਸੀ, ਤਾਂ ਜੋ ਭਵਿੱਖ ਵਿੱਚ ਕੋਈ ਵੀ ਰਾਸ਼ਟਰਪਤੀ ਲੰਬੇ ਸਮੇਂ ਤੱਕ ਸੱਤਾ ਵਿੱਚ ਨਾ ਰਹੇ।

    ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੀ ਨਾਮਜ਼ਦਗੀ ਅਤੇ ਬਾਅਦ ਵਿਚ ਅਸਤੀਫ਼ਾ ਇਸ ਸੀਮਾ ਨੂੰ ਬਾਈਪਾਸ ਕਰ ਸਕਦਾ ਹੈ, ਤਾਂ ਉਨ੍ਹਾਂ ਨੇ ਕਿਹਾ, “ਇਹ ਇਕ ਤਰੀਕਾ ਹੋ ਸਕਦਾ ਹੈ, ਪਰ ਹੋਰ ਤਰੀਕੇ ਹਨ।” ਜਦੋਂ ਉਸ ਨੂੰ ਹੋਰ ਤਰੀਕਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਚੁੱਪ ਹੋ ਗਿਆ ਅਤੇ ਕੁਝ ਨਾ ਬੋਲਿਆ।