ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਚਿਰਾਂ ਤੋਂ ਉਡੀਕਿਆ ਜਾ ਰਿਹਾ ਸ਼ਹੀਦ ਭਗਤ ਸਿੰਘ ਸਟੇਡੀਅਮ ਇੱਕ ਮਹੀਨੇ ਬਾਅਦ ਖਿਡਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਜੋ ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇਥੇ ਸ਼ਹੀਦ ਜਗਤ ਸਿੰਘ ਸਟੇਡੀਅਮ ਵਿਖੇ ਅਧੂਰੇ ਪਏ ਕੰਮਾਂ ਦਾ ਮੁਆਇਨਾ ਕਰਨ ਪੁੱਜੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕੀਤਾ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਦੇ ਤਿਆਰ ਹੋ ਰਹੇ ਇਸ ਗਰਾਊਂਡ ਵਿਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਟੈਂਡਰਡ ਟਰੈਕ ਵਿਚ ਜਿਥੇ ਦੌੜਾਂ ਲਈ ਸਿੰਥੈਟਿਕ ਟਰੈਕ ਵਿਛੇਗਾ ਓਥੇ ਜੈਵਲੀਨ, ਹੈਮਰ ਥਰੋ, ਗੋਲਾ, ਡਿਸਕਸ ਥਰੋ, ਫੁੱਟਬਾਲ, ਹੈਂਡ ਬਾਲ, ਬਾਸਕਿਟ ਬਾਲ, ਬਾਕਸਿੰਗ ਰਿੰਗ ਆਦਿ ਦੇ ਵੀ ਗਰਾਊਂਡ ਤਿਆਰ ਕੀਤੇ ਜਾ ਰਹੇ ਹਨ।
ਓਹਨਾ ਕਿਹਾ ਕਿ ਬਰਸਾਤਾਂ ਦੇ ਮੌਸਮ ਕਾਰਨ ਟਰੈਕ ਵਿਛਾਉਣ ਦਾ ਕੰਮ ਰੋਕਿਆ ਗਿਆ ਹੈ ਜਿਵੇਂ ਹੀ ਮੌਸਮ ਸਾਫ਼ ਹੋਵੇਗਾ ਨਾਲ ਦੀ ਨਾਲ ਹੀ ਟਰੈਕ ਵਿਛਾ ਦਿੱਤਾ ਜਾਵੇਗਾ। ਸ਼੍ਰੀ ਧੀਮਾਨ ਨੇ ਕਿਹਾ ਕਿ ਪਹਿਲਾਂ ਟਰੈਕ ਦਾ ਕੰਮ ਮਿੱਟੀ ਪੈਣ ਕਾਰਨ ਥੋੜ੍ਹਾ ਲੇਟ ਹੋਇਆ ਸੀ ਜਿਸ ਨੂੰ ਓਹਨਾ ਖੁਦ ਜ਼ਿੰਮੇਵਾਰੀ ਸਮਝਦਿਆਂ ਮਿੱਟੀ ਪੁਆ ਕੇ ਸੜਕ ਦੇ ਪੱਧਰ ਤੋਂ ਉੱਪਰ ਚੁਕਵਾ ਦਿੱਤਾ ਹੈ ਤਾਂ ਜੋ ਬਰਸਾਤਾਂ ਵਿਚ ਗਰਾਊਂਡ/ ਟਰੈਕ ਵਿਚ ਪਾਣੀ ਨਾ ਜਮ੍ਹਾ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਦਾ ਮੁੱਖ ਮੰਤਵ ਹੈ ਕਿ ਪੰਜਾਬ ਨੂੰ ਨਰੋਇਆ ਪੰਜਾਬ ਬਣਾ ਕੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਛੁਟਕਾਰਾ ਦਿਵਾਇਆ ਜਾਵੇ। ਓਹਨਾ ਕਿਹਾ ਕਿ ਪੰਜਾਬ ਦੀਆਂ ਰਗਾਂ ਵਿਚ ਯੋਧਿਆਂ ਸੂਰਬੀਰਾਂ ਦਾ ਖੂਨ ਹੈ ਐਸਾ ਪੰਜਾਬ ਜਿਸ ਨੇ ਕਦੇ ਹਾਰ ਨਹੀਂ ਮੰਨੀ ਸਿਰਜਣਾ ਹੀ ਸਰਕਾਰ ਦਾ ਟੀਚਾ ਹੈ।
ਅਧੂਰੇ ਪਏ ਕੰਮਾਂ ਦਾ ਸਰਵੇਖਣ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸ਼ਹੀਦਾਂ ਦੀ ਧਰਤੀ ‘ਤੇ ਤਿਆਰ ਹੋ ਰਿਹਾ ਇਹ ਟਰੈਕ ਨਿਰਸੰਦੇਹ ਉੱਚ ਪੱਧਰੀ ਅਥਲੀਟ ਪੈਦਾ ਕਰੇਗਾ। ਇਸ ਸਰਹੱਦੀ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਸਟੇਡੀਅਮ ਬਣਨਾ ਮਾਣ ਵਾਲੀ ਗੱਲ ਹੈ।