ਅੰਮ੍ਰਿਤਸਰ ਦੇ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੱਕੜ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਮਹਿਲਾ ਨੇ ਪੂਰੇ ਪਰਿਵਾਰ ਨੂੰ ਨੂੰ ਨਸ਼ੀਲੀਆਂ ਗੋਲੀਆਂ ਖੁਆਈਆਂ, ਜਿਸ ‘ਚ ਦੋ ਸਾਲ ਦੀ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦੇ ਪਿਤਾ ਨੇ ਆਪਣੀ ਪਤਨੀ ਉੱਪਰ ਬੱਚੀ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਜਾਨੋ ਮਾਰਨ ਦੇ ਦੋਸ਼ ਲਗਾਏ ਹਨ।

    ਮ੍ਰਿਤਕ ਮਾਸੂਮ ਬੱਚੀ ਦੀ ਪਛਾਣ ਨਿਮਰਤ ਵਜੋਂ ਹੋਈ ਹੈ। ਮ੍ਰਿਤਕ ਬੱਚੀ ਦੇ ਪਿਤਾ ਹੀਰਾ ਸਿੰਘ ਵਾਸੀ ਪਿੰਡ ਕੱਕੜ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਮੇਰੀ ਪਤਨੀ ਲਛਮੀ ਕੌਰ ਦੇ ਗੁਆਂਢ ਵਿਚ ਰਹਿੰਦੇ ਲੜਕੇ ਨਾਲ ਨਜਾਇਜ਼ ਸਬੰਧ ਸਨ। ਪਤਾ ਲੱਗਣ ‘ਤੇ ਅਸੀਂ ਉਸ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਅੜੀ ਰਹੀ। ਬੀਤੀ ਰਾਤ ਲਛਮੀ ਕੌਰ ਨੇ ਸਾਰੇ ਪਰਿਵਾਰ ਨੂੰ ਖਾਣੇ ‘ਚ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਤੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।

    ਹੀਰਾ ਸਿੰਘ ਨੇ ਦੱਸਿਆ ਨਸ਼ੀਲੀਆਂ ਗੋਲੀਆਂ ਕਾਰਨ ਸਾਰੇ ਪਰਿਵਾਰ ਦੀ ਸਿਹਤ ਖਰਾਬ ਹੋ ਗਈ ਪ੍ਰੰਤੂ ਇਹ ਛੋਟੀ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਖਬਰ ਲਿਖੇ ਜਾਣ ਤਕ ਲਛਮੀ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਉਸ ਦਾ ਪ੍ਰੇਮੀ ਹਾਲੇ ਫਰਾਰ ਦੱਸਿਆ ਜਾ ਰਿਹਾ ਸੀ। ਪੁਲਿਸ ਵਲੋਂ ਬੱਚੀ ਨਿਮਰਤ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

    ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੋਪੋਕੇ ਦੇ ਐਸਐਚਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੋਂ ਬਾਅਦ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।