ਉੱਤਰ ਪ੍ਰਦੇਸ਼ ਦੇ ਬਾਗਪਤ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਪੁੱਤ ਨੇ ਆਪਣੀ ਮਾਂ ਦਾ ਦਾਤਰੀ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਦੋਸ਼ੀ ਪੁੱਤਰ ਨੇ ਮਾਂ ਦੀ ਲਾਸ਼ ਨੂੰ ਖੇਤ ‘ਚ ਦੱਬ ਦਿੱਤਾ। ਪੁਲਿਸ ਨੇ ਮੁਲਜ਼ਮ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਮ੍ਰਿਤਕ ਦੀ ਲਾਸ਼ ਖੇਤ ’ਚੋਂ ਬਰਾਮਦ ਕਰ ਲਈ। ਮਾਮਲਾ ਬਰੌਟ ਦੇ ਪਿੰਡ ਬਡੌਲੀ ਦਾ ਹੈ।
ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਪੁੱਤਰ ਸੁਮਿਤ ਨੇ ਕਤਲ ਦਾ ਜੁਰਮ ਕਬੂਲ ਕਰ ਲਿਆ ਹੈ। ਸੁਮਿਤ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਆਪਣੀ ਭੈਣ ਦੇ ਵਿਆਹ ‘ਤੇ ਗਿਆ ਸੀ, ਜਿੱਥੇ ਉਸ ਨੇ ਕਾਫ਼ੀ ਸ਼ਰਾਬ ਪੀਤੀ। ਜਦੋਂ ਉਹ ਦੇਰ ਰਾਤ ਘਰ ਆਇਆ ਤਾਂ ਉਸ ਦੀ ਮਾਂ ਨੇ ਉਸ ਨੂੰ ਸ਼ਰਾਬੀ ਦੇਖ ਕੇ ਝਿੜਕਿਆ।
ਸੁਮਿਤ ਨੇ ਦੱਸਿਆ ਕਿ ਉਸ ਨੂੰ ਝਿੜਕ ਸੁਣ ਕੇ ਗੁੱਸਾ ਆ ਗਿਆ। ਉਸ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ, ਬਾਅਦ ਵਿਚ ਦਾਤਰੀ ਨਾਲ ਗਲਾ ਵੱਢ ਕੇ ਮਾਂ ਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨੂੰ ਖੇਤ ਵਿਚ ਦੱਬ ਦਿੱਤਾ। ਸੁਮਿਤ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿਚ ਉਸ ਕੋਲੋਂ ਕਤਲ ਹੋ ਗਿਆ।
ਏਐਸਪੀ ਐਨਪੀ ਸਿੰਘ ਨੇ ਦੱਸਿਆ ਕਿ 2021 ਵਿੱਚ ਸੁਮਿਤ ਦੇ ਵੱਡੇ ਭਰਾ ਸੋਨੂੰ ਨੇ ਸੁਮਿਤ ਨੂੰ ਨਸ਼ਾ ਕਰਨ ਤੋਂ ਰੋਕਿਆ ਸੀ। ਜਿਸ ਤੋਂ ਬਾਅਦ ਸੁਮਿਤ ਨੇ ਸੋਨੂੰ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਮੁਲਜ਼ਮ ਸੁਮਿਤ ਨੂੰ ਕਤਲ ਕੇਸ ਵਿੱਚ ਜੇਲ ਭੇਜ ਦਿੱਤਾ ਸੀ।