Skip to content
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ )
ਫ਼ਿਲਮਾਂ ਦਾ ਕੰਮ ਸਿਰਫ ਮਨੋਰੰਜਨ ਕਰਨਾ ਹੀ ਨਹੀਂ ਬਲਕਿ ਸਮਾਜਿਕ ਮੁੱਦਿਆਂ ਨੂੰ ਉਭਾਰਨਾ ਵੀ ਹੁੰਦਾ ਹੈ। ਪੰਜਾਬ ਵਿੱਚ ਵਿਦੇਸ਼ ਨੂੰ ਲੈ ਕੇ ਜਾਣ ਦੇ ਨਾਂ ‘ਤੇ ਫਰਜ਼ੀ ਵਿਆਹ ਅਤੇ ਕੁੜੀਆਂ-ਮੁੰਡਿਆਂ ਵੱਲੋਂ ਇੱਕ ਦੂਜੇ ਨਾਲ ਧੋਖਾ ਕਰਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਨ ਦੇ ਗੰਭੀਰ ਮੁੱਦੇ ਨੂੰ ਪੰਜਾਬੀ ਫਿਲਮ “ਸਿਕਸ ਈਚ” ਜ਼ਰੀਏ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਦਾਅਵਾ ਅੱਜ ਇੱਥੇ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵਿਖੇ ਪੁੱਜੀ ਫਿਲਮ ਦੀ ਟੀਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਹਰਦੀਪ ਗਰੇਵਾਲ ਤੇ ਮੈਂਡੀ ਤੱਖੜ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ “ਸਿਕਸ ਈਚ” ਨੂੰ ਗੈਰੀ ਖਟਰਾਓਂ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਹਰਦੀਪ ਗਰੇਵਾਲ ਨੇ ਖੁਦ ਲਿਖੀ ਹੈ। ਇਸ ਫ਼ਿਲਮ ਵਿੱਚ ਮਲਕੀਤ ਰੌਣੀ, ਅਨੀਤਾ ਮੀਤ, ਹਰਿੰਦਰ ਭੁੱਲਰ, ਅਮਨਇੰਦਰ, ਸੰਜੂ ਸੋਲੰਕੀ, ਬਲਜਿੰਦਰ ਕੌਰ, ਗੁਰਪ੍ਰੀਤ ਤੋਤੀ, ਸਤਿੰਦਰ ਕੌਰ, ਸੁਖਦੇਵ ਬਰਨਾਲਾ ਸਮੇਤ ਕਈ ਨਾਮੀ ਚਿਹਰੇ ਨਜ਼ਰ ਆਉਣਗੇ। “ਤੁਣਕਾ ਤੁਣਕਾ” ਅਤੇ “ਬੈਚ 2013” ਤੋਂ ਬਾਅਦ ਹਰਦੀਪ ਗਰੇਵਾਲ ਪ੍ਰੋਡਕਸ਼ਨਸ ਦੀ ਇਹ ਤੀਜੀ ਫ਼ਿਲਮ ਹੋਵੇਗੀ। ਹਰਦੀਪ ਗਰੇਵਾਲ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਇਹ ਫਿਲਮ ਵੀ ਮਨੋਰੰਜਨ ਦੇ ਨਾਲ ਨਾਲ ਵੱਡਾ ਸਾਰਥਿਕ ਸੁਨੇਹਾ ਦੇਵੇਗੀ।
ਇਹ ਫ਼ਿਲਮ ਪੰਜਾਬ ਵਿੱਚ ਵਿਦੇਸ਼ ਲਿਜਾਣ ਦੇ ਨਾਂ ਤੇ ਵਾਪਰੀਆਂ ਸੱਚੀਆਂ ਘਟਨਾਵਾਂ ਤੇ ਅਧਾਰਿਤ ਫ਼ਿਲਮ ਹੈ,,, ਜੋ ਸਾਨੂੰ ਸਾਡੇ ਸਮਾਜ ਦਾ ਅਸਲ ਚਿਹਰਾ ਦਿਖਾਵੇਗੀ,,, ਇਸ ਮੁੱਦਾ ਅਧਾਰਿਤ ਫ਼ਿਲਮ ਦੀ ਦਰਸ਼ਕ ਵੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।
14 ਮਾਰਚ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਇਸ ਫਿਲਮ ਬਾਰੇ ਹਰਦੀਪ ਗਰੇਵਾਲ ਨੇ ਦੱਸਿਆ ਕਿ ਇਸ ਫਿਲਮ ਦਾ ਟਾਈਟਲ ਹੀ ਫਿਲਮ ਦੇ ਵਿਸ਼ੇ ਬਾਰੇ ਜਾਣਕਾਰੀ ਦੇ ਰਿਹਾ ਹੈ। ਜਿਸ ਕਦਰ ਸਾਰਾ ਪੰਜਾਬ ਹੀ ਆਈਲੈਟਸ ਕਰਕੇ ਵਿਦੇਸ਼ਾਂ ਵੱਲ ਭੱਜ ਰਿਹਾ ਹੈ, ਇਹ ਮੁੱਦਾ ਆਪਣੇ ਆਪ ਵਿੱਚ ਗੰਭੀਰ ਮੁੱਦਾ ਹੈ। ਇਹ ਫਿਲਮ ਵਿਦੇਸ਼ਾਂ ਵਿੱਚ ਪੜਦੇ ਨੌਜਵਾਨਾਂ ਦੀ ਹੀ ਗੱਲ ਕਰਦੀ ਹੈ। ਮੈਂਡੀ ਤੱਖਰ ਮੁਤਾਬਕ ਦਰਸ਼ਕ ਉਸਨੂੰ ਇਸ ਫਿਲਮ ਵਿੱਚ ਇੱਕ ਵੱਖਰੇ ਅੰਦਾਜ਼ ਵਿੱਚ ਦੇਖਣਗੇ। ਇਹ ਫਿਲਮ ਇੱਕ ਵੱਖਰੇ ਕਿਸਮ ਦੀ ਫਿਲਮ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਸ ਫਿਲਮ ਦਾ ਸੰਗੀਤ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ ਜਿਸ ਨੂੰ
ਆਰ ਗੁਰੂ, ਅਤੇ ਤਾਸ਼ੋ ਵੱਲੋ ਤਿਆਰ ਕੀਤਾ ਜਾ ਰਿਹਾ ਹੈ। ਫਿਲਮ ਦੇ ਗੀਤ
ਸੱਜਣ ਅਦੀਬ, ਸਰਘੀ ਮਾਨ, ਜੋਤਿਕਾ ਟਾਗਰੀ, ਹਰਦੀਪ ਗਰੇਵਾਲ ਅਤੇ ਆਜ਼ਾਦ ਨੇ ਗਾਏ ਹਨ। ਫਿਲਮ ਦੇ ਲਾਈਨ ਨਿਰਮਾਤਾ ਸੰਜੀਵ ਠਾਕੁਰ ਹਨ। ਕੈਮਰਾਮੈਨ ਅਰਣੁਦੀਪ ਤੇਜੀ, ਆਰਟ ਨਿਰਦੇਸ਼ਕ ਵਿਜੇ ਗਿਰੀ, ਡ੍ਰੈਸ਼ ਡਿਜ਼ਾਈਨਰ ਨਿਤਾਸ਼ਾ ਹਨ।
Post Views: 10
Related