ਸੈਕਟਰ-17 ਸਥਿਤ ਰਜਿਸਟਰਿੰਗ ਅਤੇ ਲਾਈਸੈਂਸਿੰਗ ਅਥਾਰਟੀ (ਆਰ ਐਲ ਏ) ਚੰਡੀਗੜ੍ਹ ਨੇ 25 ਨਵੰਬਰ ਤੋਂ ਪਿਛਲੀ ਸੀਰੀਜ਼ ਦੇ ਫੈਂਸੀ ਤੇ ਵਿਸ਼ੇਸ਼ ਰਜਿਸਟ੍ਰੇਸ਼ਨ ਨੰਬਰਾਂ ਦੇ ਨਾਲ-ਨਾਲ ਵਾਹਨ ਨੰਬਰ 0001 ਤੋਂ 9999 ਤਕ ਨਵੀਂ ਸੀਰੀਜ਼ ਸੀ ਐਚ 01 ਸੀ ਐਕਸ ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਈ-ਨਿਲਾਮੀ ਕੀਤੀ। ਜਿਸ ਵਿਚ ਕੁਲ 382 ਰਜਿਸਟ੍ਰੇਸ਼ਨ ਨੰਬਰ ਜਾਰੀ ਕੀਤੇ ਗਏ। ਨਿਲਾਮੀ ਵਜੋਂ ਆਰ ਐਲ ਏ ਨੂੰ 1,92,69,000 ਰੁਪਏ ਦੀ ਕਮਾਈ ਹੋਈ ਹੈ।

    0001 ਨੰਬਰ ਨੇ ਮੁੜ ਅਪਣੀ ਚੜ੍ਹਤ ਕਾਇਮ ਕੀਤੀ ਹੈ। ਸੀਐਚ 01 ਸੀਐਕਸ 0001 ਨੰਬਰ 20,70,000 ਰੁਪਏ ਵਿਚ ਵਿਕਿਆ ਹੈ ਜਦਕਿ ਦੂਜੇ ਨੰਬਰ ’ਤੇ 0007 ਨੇ ਅਪਣਾ ਦਬਦਬਾ ਕਾਇਮ ਰਖਿਆ ਹੈ। 0007 ਨੰਬਰ 8,90,000 ਰੁਪਏ ’ਚ ਵਿਕਿਆ। ਇਸ ਤੋਂ ਇਲਾਵਾ ਸੀਐਚ 01 ਸੀਐਕਸ 0005 ਅੰਤਮ ਨਿਲਾਮੀ ’ਤੇ 8,11,000 ਰੁਪਏ ਵਿਚ ਨਿਲਾਮ ਹੋਇਆ। ਜਦਕਿ 0009 7,99,000 ਰੁਪਏ ਵਿਚ ਨਿਲਾਮ ਹੋਇਆ। ਇਸ ਤੋਂ ਇਲਾਵਾ 9999 ਤੋਂ ਆਰ.ਐਲ.ਏ. ਨੇ 6,01,000 ਰੁਪਏ ਪ੍ਰਾਪਤ ਕੀਤੇ। 0004 ਨੰਬਰ 4,91,000 ਰੁਪਏ ਵਿੱਚ, 0006 ਨੰਬਰ 4,71,000 ਰੁਪਏ ਵਿਚ, 0003 ਨੰਬਰ 4,61,000 ਰੁਪਏ ਵਿਚ ਅਤੇ 0008 ਨੰਬਰ ਵੀ 4,61,000 ਵਿਚ ਨਿਲਾਮ ਹੋਇਆ। ਜਦ ਕਿ ਸੀਐਚ 01 ਸੀਐਕਸ 0002 ਨੰਬਰ 3,71,000 ਵਿਚ ਨਿਲਾਮ ਹੋਇਆ।

    ਜ਼ਿਕਰਯੋਗ ਹੈ ਕਿ ਪਿਛਲੀ ਵਾਰ ਸੀਐਚ 01 ਸੀ ਡਬਲਯੂ ਸੀਰੀਜ਼ ਦੇ ਨੰਬਰਾਂ ਦੀ ਨਿਲਾਮੀ ਨੂੰ ਚੰਗਾ ਹੁੰਗਾਰਾ ਮਿਲਿਆ ਸੀ, ਜਿਸ ਤੋਂ ਕੁਲ 2 ਕਰੋੜ 26 ਲੱਖ ਰੁਪਏ ਦੀ ਆਮਦਨ ਹੋਈ ਸੀ। ਪਿਛਲੀ ਵਾਰ ਨਿਲਾਮੀ ਵਿਚ 0001 ਨੰਬਰ 16.50 ਲੱਖ ਰੁਪਏ ਵਿੱਚ ਨਿਲਾਮ ਹੋਇਆ। ਇਸ ਤੋਂ ਬਾਅਦ 0009 ਨੰਬਰ ਦੀ 10 ਲੱਖ ਰੁਪਏ ਦੀ ਬੋਲੀ ਹੋਈ।  ਇਸ ਨਿਲਾਮੀ ਵਿਚ ਆਰਐਲਏ ਕੁੱਲ 489 ਫੈਂਸੀ ਨੰਬਰ ਵੇਚਣ ਵਿੱਚ ਸਫਲ ਰਿਹਾ ਸੀ।