ਰੂਸੀ ਹਥਿਆਰਬੰਦ ਸੈਨਾਵਾਂ ਵਿੱਚ ਅਜੇ ਵੀ 18 ਭਾਰਤੀ ਨਾਗਰਿਕ ਹਨ, ਜਿਨ੍ਹਾਂ ਵਿੱਚੋਂ 16 ਦੇ ਰੂਸੀ ਪੱਖ ਦੁਆਰਾ “ਲਾਪਤਾ” ਹੋਣ ਦੀ ਰਿਪੋਰਟ ਕੀਤੀ ਗਈ ਹੈ। ਸਰਕਾਰ ਨੇ ਵੀਰਵਾਰ ਨੂੰ ਸੰਸਦ ਵਿੱਚ ਇਹ ਜਾਣਕਾਰੀ ਦਿੱਤੀ।

ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ 18 ਭਾਰਤੀਆਂ ਦੀ ਰਾਜ-ਵਾਰ ਰਿਹਾਇਸ਼ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਿੱਚੋਂ ਨੌਂ ਉੱਤਰ ਪ੍ਰਦੇਸ਼ ਤੋਂ, ਦੋ-ਦੋ ਪੰਜਾਬ ਅਤੇ ਹਰਿਆਣਾ ਤੋਂ ਅਤੇ ਇੱਕ-ਇੱਕ ਚੰਡੀਗੜ੍ਹ, ਮਹਾਰਾਸ਼ਟਰ, ਕੇਰਲ, ਬਿਹਾਰ ਅਤੇ ਜੰਮੂ-ਕਸ਼ਮੀਰ ਤੋਂ ਹਨ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਸਿੰਘ ਨੇ ਕਿਹਾ ਕਿ ਰੂਸੀ ਹਥਿਆਰਬੰਦ ਸੈਨਾਵਾਂ ਵਿੱਚ ਸੇਵਾ ਨਿਭਾਅ ਰਹੇ 12 ਭਾਰਤੀ ਨਾਗਰਿਕਾਂ ਦੇ “ਚਲ ਰਹੇ ਸੰਘਰਸ਼ ਵਿੱਚ ਆਪਣੀਆਂ ਜਾਨਾਂ ਗੁਆਉਣ ਦੀ ਰਿਪੋਰਟ ਹੈ।”
ਸਰਕਾਰ ਤੋਂ ਪੁੱਛਿਆ ਗਿਆ ਸੀ ਕਿ ਇਸ ਸਮੇਂ ਰੂਸ ਵਿੱਚ ਕਿੰਨੇ ਭਾਰਤੀ ਨੌਜਵਾਨ ਫਸੇ ਹੋਏ ਹਨ ਅਤੇ ਉੱਥੇ ਫੌਜ ਵਿੱਚ ਸੇਵਾ ਨਿਭਾਅ ਰਹੇ ਹਨ ਅਤੇ ਵਿਦੇਸ਼ ਮੰਤਰਾਲੇ ਅਤੇ ਰੂਸ ਵਿੱਚ ਭਾਰਤੀ ਦੂਤਾਵਾਸ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਕੀ ਕਦਮ ਚੁੱਕੇ ਹਨ।
ਉਨ੍ਹਾਂ ਨੇ ਕਿਹਾ, ਉਪਲਬਧ ਜਾਣਕਾਰੀ ਅਨੁਸਾਰ 18 ਭਾਰਤੀ ਨਾਗਰਿਕ ਰੂਸੀ ਹਥਿਆਰਬੰਦ ਸੈਨਾਵਾਂ ਵਿਚ ਹਨ, ਜਿਨ੍ਹਾਂ ਵਿੱਚ 16 ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਰੂਸੀ ਪੱਖ ਵਲੋਂ ਦਿੱਤੀ ਗਈ ਹੈ।