ਕੈਨੇਡਾ ਦੇ ਸਰੀ ਤੋਂ ਇਕ ਬੇਹੱਦ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ‘ਚ ਪੜ੍ਹਨ ਲਈ ਗਏ ਪੰਜਾਬ ਦੇ ਸ਼ਹਿਰ ਲੁਧਿਆਣਾ ਦੇ ਇਕ ਵਿਦਿਆਰਥੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ 4 ਬਦਮਾਸ਼ਾਂ ਨੇ ਚਲਾਈਆਂ ਗੋਲੀਆਂ। ਨੌਜਵਾਨ ਨੂੰ ਗੋਲੀਆਂ ਮਾਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਵਿਦਿਆਰਥੀ ਲੁਧਿਆਣਾ ਸ਼ਹਿਰ ਦੇ ਰਿਸ਼ੀ ਨਗਰ ਦਾ ਰਹਿਣ ਵਾਲਾ ਸੀ, ਜਿਸ ਦਾ ਨਾਂ ਯੁਵਰਾਜ ਗੋਇਲ (28) ਸੀ।ਸ਼ੁੱਕਰਵਾਰ ਸਵੇਰੇ 8.45 ਵਜੇ ਗੋਲੀ ਚਲਾਈ ਗਈ। ਉਹ ਕੈਨੇਡਾ ਦੇ ਸਰੀ ‘ਚ ਰਹਿੰਦਾ ਸੀ। ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਯੁਵਰਾਜ ਅਜੇ ਵਿਆਹਿਆ ਨਹੀਂ ਸੀ। ਪਤਾ ਲੱਗਾ ਹੈ ਕਿ ਕੈਨੇਡੀਅਨ ਪੁਲਸ ਨੇ ਇਸ ਮਾਮਲੇ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਵੀਰ ਬਸਰਾ, ਬਸਰਾ ਸਾਹਿਬ, ਹਰਕੀਰਤ, ਕੇਲੋਨ ਫਰੈਂਕੋਇਸ ਵਜੋਂ ਹੋਈ ਹੈ। ਇਹ ਘਟਨਾ 7 ਜੂਨ ਦੀ ਦੱਸੀ ਜਾਂਦੀ ਹੈ।

    ਪਰਿਵਾਰ ਦੇ ਕੁਝ ਦੋਸਤਾਂ-ਮਿੱਤਰਾਂ ਮੁਤਾਬਕ ਕੈਨੇਡੀਅਨ ਪੁਲੀਸ ਨੇ ਇਸ ਨੂੰ ‘ਗ਼ਲਤ ਪਛਾਣ’ ਨਾਲ ਜੁੜਿਆ ਮਾਮਲਾ ਦੱਸਿਆ ਹੈ। ਜਾਣਕਾਰੀ ਅਨੁਸਾਰ ਯੁਵਰਾਜ ਜਿਮ ਤੋਂ ਪਰਤਦਿਆਂ ਫੋਨ ’ਤੇ ਆਪਣੀ ਮਾਂ ਨਾਲ ਗੱਲ ਕਰ ਰਿਹਾ ਸੀ। ਜਿਵੇਂ ਹੀ ਉਹ ਆਪਣੇ ਘਰ ਦੀ ਪਾਰਕਿੰਗ ਕੋਲ ਪੁੱਜਾ ਤਾਂ ਉਸ ਨੇ ਫੋਨ ਕੱਟ ਦਿੱਤਾ।ਪੁਲੀਸ ਮੁਤਾਬਕ ਕੁਝ ਸਮੇਂ ਬਾਅਦ ਕਿਸੇ ਨੇ ਯੁਵਰਾਜ ਨੂੰ ਇਮਾਰਤ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਕੀ ਉਹ ਇਸ ਵਿਚ ਰਹਿੰਦਾ ਹੈ, ਜਿਵੇਂ ਹੀ ਉਸ ਨੇ ‘ਹਾਂ’ ਕਿਹਾ ਤਾਂ ਉਸ ਦੇ ਛੇ ਗੋਲੀਆਂ ਮਾਰੀਆਂ ਗਈਆਂ। ਯੁਵਰਾਜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਸ ਘਟਨਾ ਮੌਕੇ ਯੁਵਰਾਜ ਦੇ ਫੋਨ ਦੀ ਰਿਕਾਰਡਿੰਗ ਚਾਲੂ ਸੀ, ਜਿਸ ਕਰਕੇ ਮੌਕੇ ’ਤੇ ਹੋਈ ਗੱਲਬਾਤ ਬਾਰੇ ਪਤਾ ਲੱਗ ਗਿਆ।