ਪਾਕਿਸਤਾਨ ’ਚ ਬੁਧਵਾਰ ਨੂੰ ਵੱਡਾ ਆਤਮਘਾਤੀ ਹਮਲਾ ਹੋਇਆ। ਅਤਿਵਾਦੀਆਂ ਨੇ ਬੁਧਵਾਰ ਦੁਪਹਿਰ 2 ਵਜੇ ਉੱਤਰ-ਪੱਛਮ ’ਚ ਇਕ ਚੌਕੀ ਨੂੰ ਨਿਸ਼ਾਨਾ ਬਣਾਇਆ। ਅਤਿਵਾਦੀਆਂ ਦੇ ਇਸ ਆਤਮਘਾਤੀ ਹਮਲੇ ’ਚ 17 ਜਵਾਨ ਸ਼ਹੀਦ ਹੋ ਗਏ ਸਨ।

    ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਤਿਵਾਦੀਆਂ ਨੇ ਉੱਤਰੀ ਖੈਬਰ ਪਖਤੂਨਖਵਾ ਸੂਬੇ ’ਚ ਚੌਕੀ ’ਤੇ ਵਿਸਫ਼ੋਟਕ ਨਾਲ ਭਰੇ ਵਾਹਨ ਨੂੰ ਟੱਕਰ ਮਾਰ ਦਿਤੀ। ਇਸ ਤੋਂ ਬਾਅਦ ਵੱਡਾ ਧਮਾਕਾ ਹੋਇਆ। ਇਸ ਹਮਲੇ ’ਚ 17 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਕੁੱਝ ਹੋਰ ਜ਼ਖ਼ਮੀ ਹੋਏ ਹਨ।

    ਪਾਕਿਸਤਾਨੀ ਫ਼ੌਜ ਨੇ ਅਧਿਕਾਰਤ ਬਿਆਨ ’ਚ ਕਿਹਾ ਕਿ ਇਲਾਕੇ ’ਚ ਅਤਿਵਾਦੀਆਂ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਇਸ ਨਾਲ ਅਤਿਵਾਦੀਆਂ ’ਚ ਡਰ ਪੈਦਾ ਹੋ ਗਿਆ, ਜਿਸ ਕਾਰਨ ਉਨ੍ਹਾਂ ਨੇ ਇਹ ਘਿਨਾਉਣੀ ਹਰਕਤ ਕੀਤੀ। ਅਪਰਾਧੀਆਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ।