ਪੰਜਾਬ ਦੀ ਸਿਆਸਤ ਦੇ ‘ਬਾਬਾ ਬੋਹੜ’ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਕਮੀ ਹਮੇਸ਼ਾ ਰਹੇਗੀ। ਸ਼੍ਰੋਮਣੀ ਅਕਾਲੀ ਦਲ ਅੱਜ ਉਨ੍ਹਾਂ ਦਾ ਜਨਮ ਦਿਨ ਸਦਭਾਵਨਾ ਦਿਵਸ ਵਜੋਂ ਮਨਾ ਰਿਹਾ ਹੈ।

    ਅੱਜ ਦੇ ਦਿਨ 1927 ਵਿੱਚ ਦਿੱਗਜ ਨੇਤਾ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਹੋਇਆ ਸੀ। ਉਨ੍ਹਾਂ ਜਨਮ ਦਿਨ ਦੇ ਮੌਕੇ ‘ਤੇ ਉਨ੍ਹਾਂ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਪਾਈ ਹੈ। ਆਪਣੇ ਪਿਤਾ ਦੇ ਜਨਮ ਦਿਨ ‘ਤੇ ਨਾ ਹੋਣ ਨਾਲ ਉਹ ਦੁਖੀ ਹਨ।

    ਪਿਤਾ ਦੇ ਜਨਮ ਦਿਨ ‘ਤੇ X ‘ਤੇ ਇਮੋਸ਼ਨਲ ਪੋਸਟ ਸ਼ੇਅਰ ਕਰਦੇ ਹੋਏ ਸੁਖਬੀਰ ਬਾਦਲ ਨੇ ਲਿਖਿਆ ਕਿ ਮੇਰੇ ਲਈ ਇਹ ਅਕਹਿ ਤਕਲੀਫ਼ ਦੇ ਪਲ ਹਨ ਕਿਉਂਕਿ ਮੇਰੀ ਜਿੰਦਗੀ ਵਿੱਚ ਪਹਿਲੀ ਵਾਰੀ ਹੈ ਕਿ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੇ ਜਨਮ ਦਿਨ ਸਮੇਂ ਉਹ ਆਪ ਸਾਡੇ ਦਰਮਿਆਨ ਮੌਜੂਦ ਨਹੀਂ ਹਨ। ਬੇਟੇ ਵਜੋਂ ਮੇਰਾ ਮਨ ਭਰਿਆ ਹੋਇਆ ਹੈ। ਉਹਨਾਂ ਨੇ ਹਮੇਸ਼ਾਂ ਮੈਨੂੰ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਮੈਂ ਬਾਦਲ ਸਾਬ੍ਹ ਵੱਲੋਂ ਦਰਸਾਏ ਮਾਰਗ ‘ਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਦਾ ਅਹਿਦ ਕਰਦਾ ਹਾਂ।

    ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਇੱਕ ਧਰਮ ਨਿਰਪੱਖ ਨੇਤਾ ਜੋ ਹਮੇਸ਼ਾ ਸਰਬੱਤ ਦੇ ਭਲੇ ਬਾਰੇ ਸੋਚਦੇ ਸਨ, ਇੱਕ ਡੈਮੋਕ੍ਰੇਟ ਜਿਸ ਨੇ ਸਭ ਤਰ੍ਹਾਂ ਦੀ ਰਾਏ ਸੁਣੀ। ਇੱਕ ਬੰਦਾ ਜੋ ਆਪਣੀ ਸਮੇਂ ਦੀ ਪਾਬੰਦੀ ਤੇ ਸਰਲਤਾ ਲਈ ਜਾਣਿਆ ਜਾਂਦਾ ਹੈ। ਅੰਦਰ ਤੱਕ ਨਿਮਰ ਇੱਕ ਅਜਿਹਾ ਵਿਅਕਤੀ ਜੋ ਅਸਲ ਵਿੱਚ ਰਾਜ ਨਹੀਂ ਸੇਵਾ ਦੀ ਕਹਾਵਤ ‘ਤੇ ਵਿਸ਼ਵਾਸ ਕਰਦਾ ਸੀ। ਸ਼੍ਰੋਮਣੀ ਦਲ ਪ੍ਰਧਾਨ ਨੇ ਕਿਹਾ ਕਿ ਅਜਿਹਾ ਵਿਅਕਤੀ ਜਿਸ ਨੇ ਪੰਜਾਬ ਦੀ ਸੰਸਕ੍ਰਿਤੀ ਤੇ ਵਿਰਾਸਤ ਨੂੰ ਸੁਰੱਖਿਅਤ ਕੀਤਾ, ਗਰੀਬਾਂ ਦੀ ਸਥਿਤੀ ਨੂੰ ਸੁਧਾਰਿਆ ਤੇ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ। ਅੱਜ ਜਦੋਂ ਮੈਂ ਸਵੇਰੇ ਉਠਿਆ ਤੇ ਪ੍ਰਕਾਸ਼ ਸਿੰਘ ਜੀ ਬਾਦਲ ਦੇ ਕਮਰੇ ਵਿੱਚ ਗਿਆ ਤਾਂ ਮੈਂ ਭਾਵੁਕ ਹੋ ਗਿਆ।

    ਉਥੇ ਹੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਵੀ ਸਾਬਕਾ ਸੀਐਮ ਨੂੰ ਯਾਦ ਕੀਤਾ ਹੈ ਅਤੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਇੱਕ ਭਾਵੁਕ ਪੋਸਟ ਲਿਖੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਤੁਹਾਨੂੰ ਬਹੁਤ ਯਾਦ ਕਰ ਰਹੇ ਹਾਂ….

    ਅੱਜ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦਾ ਜਨਮ ਦਿਨ ਹੈ, ਅੱਜ ਮਨ ਉਦਾਸ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਜਦ ਬਾਦਲ ਸਾਬ੍ਹ ਦੇ ਜਨਮ ਦਿਨ ‘ਤੇ ਉਹ ਸਾਡੇ ਕੋਲ ਨਹੀਂ ਹਨ ਪਰ ਉਹਨਾਂ ਦੇ ਆਦਰਸ਼ ਅਤੇ ਯਾਦਾਂ ਦਾ ਸਰਮਾਇਆ ਹਮੇਸ਼ਾਂ ਸਾਨੂੰ ਮਾਣ ਮਹਿਸੂਸ ਕਰਵਾਉਂਦਾ ਰਹੇਗਾ ਕਿ ਅਸੀਂ ਉਸ ਬੋਹੜ ਦੀ ਛਾਂ ਦਾ ਨਿੱਘ ਮਾਣਿਆ ਜਿਸਨੇ ਆਪਣੀ ਸਾਰੀ ਜ਼ਿੰਦਗੀ ਪੰਥ, ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਦੇ ਹੋਏ ਕਿਸਾਨ-ਮਜਦੂਰ, ਹਰ ਧਰਮ ਤੇ ਹਰ ਵਰਗ ਦਾ ਭਲਾ ਹੀ ਸੋਚਿਆ।

    ਮੈਂ ਹਮੇਸ਼ਾਂ ਬਾਦਲ ਸਾਬ੍ਹ ਨੂੰ ਆਪਣੇ ਮਾਰਗਦਰਸ਼ਕ ਵਜੋਂ ਦੇਖਿਆ ਤੇ ਉਹਨਾਂ ਦੇ ਦਿਖਾਏ ਰਸਤੇ ‘ ਤੇ ਚੱਲਣ ਯਤਨ ਵੀ ਕਰਦੀ ਹਾਂ।