ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸ਼ਾਸਨ ਸਾਰਿਆਂ ਲਈ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਰੱਖਿਆ ਅਤੇ ਪ੍ਰੋਤਸਾਹਨ ਲਈ ਵਚਨਬੱਧ ਹੈ ਅਤੇ ਸਾਰੇ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਨਾਲ ਬਰਾਬਰ ਵਿਵਹਾਰ ਕਰਨ ਦੀ ਮਹੱਤਤਾ ‘ਤੇ ਭਾਰਤ ਸਮੇਤ ਭਾਰਤ ਸਮੇਤ ਕਈ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ, “ਅਸੀਂ ਸਾਰੇ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਨਾਲ ਬਰਾਬਰ ਵਿਵਹਾਰ ਕਰਨ ਦੀ ਮਹੱਤਤਾ ‘ਤੇ ਭਾਰਤ ਸਮੇਤ ਕਈ ਦੇਸ਼ਾਂ ਨਾਲ ਗੱਲਬਾਤ ਜਾਰੀ ਰੱਖਦੇ ਹਾਂ”। ਨਿਊਯਾਰਕ ਟਾਈਮਜ਼ ‘ਚ ਛਪੇ ਇਕ ਲੇਖ ‘ਸਟਰੇਂਜਰਜ਼ ਇਨ ਦਿ ਓਨ ਲੈਂਡ: ਬੀਇੰਗ ਮੁਸਲਿਮ ਇਨ ਮੋਦੀਜ਼ ਇੰਡੀਆ’ ‘ਚ ਇਲਜ਼ਾਮ ਲਾਇਆ ਗਿਆ ਹੈ ਕਿ ਭਾਰਤ ‘ਚ ਦੁਨੀਆ ਦਾ ਸੱਭ ਤੋਂ ਵੱਡਾ ਮੁਸਲਿਮ ਭਾਈਚਾਰਾ ਡਰ ਅਤੇ ਅਨਿਸ਼ਚਿਤਤਾ ਦੇ ਮਾਹੌਲ ‘ਚ ਅਪਣੇ ਪਰਿਵਾਰਾਂ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਮਿਲਰ ਇਸ ਨਾਲ ਜੁੜੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ।
ਮਿਲਰ ਨੂੰ ਪੁੱਛਿਆ ਗਿਆ ਕਿ, “ਕੀ ਤੁਸੀਂ ਇਸ ਮਾਮਲੇ ‘ਤੇ ਭਾਰਤੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ? ’’ ਇਸ ਦੇ ਜਵਾਬ ਵਿਚ ਮਿਲਰ ਨੇ ਕਿਹਾ, “ਹਾਲਾਂਕਿ ਮੈਂ ਵਿਅਕਤੀਗਤ ਕੂਟਨੀਤਕ ਰੁਝੇਵਿਆਂ ਬਾਰੇ ਗੱਲ ਨਹੀਂ ਕਰਾਂਗਾ, ਪਰ ਅਸੀਂ ਦੁਨੀਆ ਭਰ ਵਿਚ ਵਿਸ਼ਵਾਸ ਦੀ ਆਜ਼ਾਦੀ ਜਾਂ ਵਿਸ਼ਵਾਸ ਦੇ ਅਧਿਕਾਰ ਦੇ ਸਨਮਾਨ ਦੀ ਰੱਖਿਆ ਕਰਨ ਅਤੇ ਉਤਸ਼ਾਹਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ’’
ਲੇਖ ਵਿਚ ਇਲਜ਼ਾਮ ਲਾਇਆ ਗਿਆ ਹੈ ਕਿ, “ਪ੍ਰਧਾਨ ਮੰਤਰੀ ਮੋਦੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਧਰਮ ਨਿਰਪੱਖ ਤਾਣੇ-ਬਾਣੇ ਅਤੇ ਮਜ਼ਬੂਤ ਲੋਕਤੰਤਰ ਨੂੰ ਕਮਜ਼ੋਰ ਕੀਤਾ ਹੈ। ’’ ਭਾਰਤ ਪਹਿਲਾਂ ਵੀ ਅਜਿਹੇ ਦੋਸ਼ਾਂ ਨੂੰ ਖਾਰਜ ਕਰ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਦੇ ਵੀ ਘੱਟ ਗਿਣਤੀਆਂ ਵਿਰੁਧ ਇਕ ਸ਼ਬਦ ਨਹੀਂ ਬੋਲਿਆ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾ ਸਿਰਫ ਅੱਜ ਬਲਕਿ ਦੁਬਾਰਾ ਕਦੇ ਘੱਟ ਗਿਣਤੀਆਂ ਦੇ ਵਿਰੁਧ ਨਹੀਂ ਰਹੀ।
ਹਾਲਾਂਕਿ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਨੂੰ ਵੀ ਵਿਸ਼ੇਸ਼ ਨਾਗਰਿਕ ਵਜੋਂ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਮੋਦੀ ਨੇ ਐਤਵਾਰ ਰਾਤ ਨੂੰ ਪੀਟੀਆਈ ਵੀਡੀਉ ਨੂੰ ਦਿਤੇ ਇੰਟਰਵਿਊ ਵਿਚ ਇਹ ਗੱਲ ਕਹੀ। ਵਿਰੋਧੀ ਧਿਰ ਨੇ ਇਲਜ਼ਾਮ ਲਾਇਆ ਹੈ ਕਿ ਪ੍ਰਧਾਨ ਮੰਤਰੀ ਦੇ ਚੋਣ ਭਾਸ਼ਣ ਵੰਡਪਾਊ ਅਤੇ ਸਮਾਜ ਦਾ ਧਰੁਵੀਕਰਨ ਕਰ ਰਹੇ ਹਨ। ਇਨ੍ਹਾਂ ਇਲਜ਼ਾਮਾਂ ਦਰਮਿਆਨ ਮੋਦੀ ਦੀ ਟਿੱਪਣੀ ਘੱਟ ਗਿਣਤੀਆਂ ‘ਤੇ ਉਨ੍ਹਾਂ ਦਾ ਹੁਣ ਤਕ ਦਾ ਸੱਭ ਤੋਂ ਸਪੱਸ਼ਟ ਬਿਆਨ ਸੀ।