ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਇਕ ਕਿੱਲੋ ਤੋਂ ਵੱਧ ਹੈਰੋਇਨ ਜਿਸਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਪੰਜ ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਬਰਾਮਦ ਕਰ ਕੇ ਐਕਟਿਵਾ ਸਵਾਰ ਦੋ ਤਸਕਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਏਐੱਸਆਈ ਸੱਤਪਾਲ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਚਾਹਲ ਅਟਾਰੀ ਰੋਡ ’ਤੇ ਮੌਜੂਦ ਸਨ। ਇਸੇ ਦੌਰਾਨ ਝਬਾਲ ਅਟਾਰੀ ਮਾਰਗ ’ਤੇ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਪਿੱਛੇ ਭੱਜਣ ਲੱਗੇ ਤਾਂ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜਦੋਂ ਐਕਟਿਵਾ ਦੀ ਤਲਾਸ਼ੀ ਲਈ ਤਾਂ ਦੋ ਲਿਫ਼ਾਫ਼ਿਆਂ ਵਿਚ ਪਾਈ ਹੋਈ 1 ਕਿੱਲੋ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਵਾਂ ਵਿਅਕਤੀਆਂ ਜਿਨ੍ਹਾਂ ਦੀ ਪਛਾਣ ਗੁਰਭੇਜ ਸਿੰਘ ਭੇਜਾ ਪੁੱਤਰ ਤਰਸੇਮ ਸਿੰਘ ਵਾਸੀ ਮੇਹਰਬਾਨਪੁਰਾ ਅਤੇ ਜਗਰੂਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੰਝਪੁਰ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ। ਜਿਸ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।