ਫਰੀਦਕੋਟ, 06 ਨਵੰਬਰ (ਵਿਪਨ ਕੁਮਾਰ ਮਿਤੱਲ) ਇਲਾਕੇ ਦੀ ਪ੍ਰਮੁੱਖੀ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਵਿਸ਼ੇਸ਼ ਮੀਟਿੰਗ ਅੱਜ ਸਥਾਨਕ ਜੈਸਮੀਨ ਹੋਟਲ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਟਰੱਸਟ ਦੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਦੀ ਅਗਵਾਈ ਹੇਠਲੀ ਮੀਟਿੰਗ ਵਿੱਚ ਟਰੱਸਟ ਦੀ ਚੀਫ ਪੈਟਰਨ ਹੀਰਾਵਤੀ ਸੀਨੀਅਰ ਮੈਂਬਰ ਸ੍ਰੀ ਕ੍ਰਿਸ਼ਨ ਆਰ.ਏ., ਗੋਬਿੰਦ ਕੁਮਾਰ, ਅਮਰਬੀਰ ਸਿੰਘ ਰਾਣਾ, ਨਰਿੰਦਰ ਕਾਕਾ ਅਤੇ ਸਤਵਿੰਦਰ ਕੌਰ ਈ.ਟੀ.ਟੀ. ਟੀਚਰ ਆਦਿ ਸ਼ਾਮਲ ਸਨ। ਮੀਟਿੰਗ ਦੌਰਾਨ ਜਿਲ੍ਹੇ ਅੰਦਰ, ਵਿਦਿਆ ਵਿਭਾਗ, ਖੇਡਾਂ ਅਤੇ ਹੋਰ ਗਤੀਵਿਧੀਆਂ ਦੇ ਨਾਲ-ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਹਿਲ ਦੀ ਹੈੱਡ ਟੀਚਰ ਮੈਡਮ ਪਰਮਿੰਦਰ ਕੌਰ ਬਰਾੜ ਨੂੰ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਿਵੀਆਂ ਦੀ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਮਿਸ ਪਰਮਜੀਤ ਕੌਰ ਤੇਜੀ ਵੱਲੇਂ ਖੇਡਾਂ ਵਤਨ ਪੰਜਾਬ ਦੀਆਂ ਵਿਚ 400 ਮੀਟਰ ਰੇਸ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ ਉਕਤ ਖੇਡਾਂ ਵਿਚ ਲੰਬੀ ਛਾਲ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਲੇਰ ਦੀ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਮਿਸ ਸੁਖਵਿੰਦਰ ਸੁੱਖੀ ਦੀ ਵੀ ਹੌਂਸਲਾ ਅਫਜਾਈ ਕੀਤੀ ਗਈ। ਉਕਤ ਤਿੰਨੇ ਅਧਿਆਪਕਾਂ ਦਾ ਹਾਰ ਪਾ ਕੇ ਹੌਂਸਲਾ ਵਧਾਇਆ ਗਿਆ। ਉਹਨਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਸ਼ਾਨਦਾਰ ਯਾਦਗਾਰੀ ਸਨਮਾਨ ਚਿੰਨ ਵੀ ਭੇਂਟ ਕੀਤੇ ਗਏ। ਇਸ ਮੌਕੇ ਚੇਅਰਮੈਨ ਢੋਸੀਵਾਲ ਸਮੇਤ ਸਮੂਹ ਬੁਲਾਰਿਆਂ ਨੇ ਉਕਤ ਅਧਿਆਪਕਾਂ ਵੱਲੋਂ ਦਿਖਾਏ ਸ਼ਾਨਦਾਰ ਪ੍ਰਦਰਸ਼ਨ ਲਈ ਉਹਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਵਧਾਈ ਦਿੱਤੀ। ਇਸ ਮੌਕੇ ਮੈਡਮ ਬਰਾੜ ਨੇ ਕਿਹਾ ਕਿ ਉਹ ਆਪਣੀ ਸਰਕਾਰੀ ਡਿਊਟੀ ਪੂਰੀ ਨੇਕ ਨੀਤੀ ਅਤੇ ਲਗਨ ਨਾਲ ਨਿਭਾਉਂਦੇ ਹਨ। ਉਹ ਭਵਿੱਖ ਵਿਚ ਵੀ ਆਪਣੀ ਡਿਊਟੀ ਦੇ ਨਾਲ ਨਾਲ ਸਮਾਜ ਸੇਵਾ ਦੇ ਕਾਰਜ ਵੀ ਜਾਰੀ ਰੱਖਣਗੇ।