ਜੰਮੂ-ਕਸ਼ਮੀਰ ਦੇ ਡੋਡਾ ‘ਚ ਬੁੱਧਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਕਿਸ਼ਤਵਾੜ ਤੋਂ ਜੰਮੂ ਜਾ ਰਹੀ ਬੱਸ ਅੱਸਾਰ ਇਲਾਕੇ ‘ਚ ਖਾਈ ‘ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 20 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਅਤੇ 15 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਕਿਸ਼ਤਵਾੜ ਅਤੇ ਡੋਡਾ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਗੰਭੀਰ ਜ਼ਖਮੀ ਲੋਕਾਂ ਲਈ ਜਲਦੀ ਹੀ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ।

    ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਦੱਸਿਆ ਕਿ ਬੱਸ ਦਾ ਰਜਿਸਟ੍ਰੇਸ਼ਨ ਨੰਬਰ JK02CN-6555 ਹੈ। 52 ਸੀਟਾਂ ਵਾਲੀ ਬੱਸ ਵਿੱਚ ਕਰੀਬ 52 ਯਾਤਰੀ ਮੌਜੂਦ ਸਨ। ਬੱਸ ਬਟੋਟ-ਕਿਸ਼ਤਵਾੜ ਰਾਸ਼ਟਰੀ ਰਾਜਮਾਰਗ ‘ਤੇ ਤ੍ਰਿੰਗਲ-ਅਸਾਰ ਨੇੜੇ ਸੜਕ ਤੋਂ ਫਿਸਲ ਗਈ ਅਤੇ 300 ਫੁੱਟ ਹੇਠਾਂ ਖੱਡ ‘ਚ ਜਾ ਡਿੱਗੀ। ਕੁੱਝ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਚਾਅ ਟੀਮ ਮੌਕੇ ‘ਤੇ ਮੌਜੂਦ ਹੈ। ਸੀਨਿਅਰ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ।

    ਜੰਮੂ ਕਸ਼ਮੀਰ ਦੇ LG ਮਨੋਜ ਸਿਨਹਾ ਨੇ ਇਸ ਘਟਨਾ ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਐਕਸ ‘ਤੇ ਲਿਖਿਆ ਕਿ, ਡੋਡਾ ਦੇ ਅੱਸਰ ‘ਚ ਇੱਕ ਦੁਖਦ ਬੱਸ ਹਾਦਸੇ ‘ਚ ਹੋਏ ਲੋਕਾਂ ਦੀ ਮੌਤ ‘ਤੋਂ ਦੁੱਖੀ ਹਾਂ। ਮ੍ਰਿਤਕ ਦੇ ਪਰਿਵਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ ਅਤੇ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਪੀੜਤ ਵਿਅਕਤੀਆਂ ਨੂੰ ਲੋੜੀਂਦੀ ਸਹਾਇਤਾ ਦੇਣ ਲਈ ਡਵੀਜ਼ਨਲ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ।