ਫਗਵਾੜਾ ਨੇੜੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਗੜ੍ਹਸ਼ੰਕਰ ਤੋਂ ਜਲੰਧਰ ਵੱਲ ਆ ਰਹੀ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਔਰਤ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ ਤੇ ਪੁਰਸ਼ੋਤਮ ਕੌਰ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਨਜ਼ਦੀਕੀ ਨਾਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਨਹਿਰ ‘ਚ ਛਾਲ ਮਾਰ ਕੇ ਬਾਕੀ ਕਾਰ ਸਵਾਰਾਂ ਨੂੰ ਬਚਾ ਲਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਿਲੀ ਸੂਚਨਾ ਅਨੁਸਾਰ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ, ਪੁੱਤਰ ਗਰਬਾਜ਼ ਸਿੰਘ ਤੇ ਮਾਸੀ ਪੁਰਸ਼ੋਤਮ ਕੌਰ ਨਾਲ ਗੜ੍ਹਸ਼ੰਕਰ ਤੋਂ ਜਲੰਧਰ ਵੱਲ ਜਾ ਰਹੇ ਸਨ। ਪਿੰਡ ਬੋਹਾ ਫਗਵਾੜਾ ਨੇੜੇ ਅਚਾਨਕ ਇੰਦਰਜੀਤ ਸਿੰਘ ਤੋਂ ਕਾਰ ਬੇਕਾਬੂ ਹੋ ਗਈ। ਇਸ ਕਾਰਨ ਕਾਰ ਆਪਣਾ ਸੰਤੁਲਨ ਗੁਆ ਬੈਠੀ। ਇਸ ਦੌਰਾਨ ਕਾਰ ਡਿਵਾਈਡਰ ਨਾਲ ਜਾ ਟਕਰਾ ਕੇ ਨਹਿਰ ਵਿੱਚ ਜਾ ਡਿੱਗੀ।
ਇਸ ਤੋਂ ਬਾਅਦ ਰਾਹਗੀਰਾਂ ਤੇ ਚੌਕੀ ’ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੇ ਵਿੱਚ ਨਹਿਰ ਵਿੱਚ ਛਾਲ ਮਾਰ ਕੇ ਹਰਪ੍ਰੀਤ ਕੌਰ ਤੇ ਉਸ ਦੇ ਲੜਕੇ ਗਰਬਾਜ਼ ਸਿੰਘ ਨੂੰ ਬਚਾਇਆ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਪਰ ਇੰਦਰਜੀਤ ਸਿੰਘ ਤੇ ਪੁਰਸ਼ੋਤਮ ਕੌਰ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਆਉਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।