ਫ਼ਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ-ਗੰਗਾਨਗਰ ਸੜਕ ‘ਤੇ ਪਿੰਡ ਕੱਲਰਖੇੜਾ ਨੇੜੇ ਦੁਪਹਿਰ ਵੇਲੇ ਪੰਜਾਬ ਰੋਡਵੇਜ਼ ਦੀ ਇਕ ਬੱਸ ਦੇ ਪਿਛਲੇ ਦੋ ਟਾਇਰ ਅਚਾਨਕ ਫਟ ਗਏ। ਹਾਦਸੇ ਵਿਚ ਇਕ ਯਾਤਰੀ ਦੀ ਲੱਤ ਟੁੱਟ ਗਈ, ਜਦੋਂ ਕਿ ਬੱਸ ਵਿਚ ਸਵਾਰ ਬਾਕੀ 35 ਯਾਤਰੀ ਸੁਰੱਖਿਅਤ ਰਹੇ। ਫ਼ਿਰੋਜ਼ਪੁਰ ਡਿਪੂ ਦੀ ਬੱਸ 36 ਯਾਤਰੀਆਂ ਨੂੰ ਲੈ ਕੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਜਾ ਰਹੀ ਸੀ। ਜ਼ਖ਼ਮੀ ਯਾਤਰੀ ਦੀ ਪਛਾਣ ਸੰਦੀਪ (30) ਵਜੋਂ ਹੋਈ ਹੈ। ਉਹ ਅਬੋਹਰ ਤੋਂ ਸ਼੍ਰੀਗੰਗਾਨਗਰ ਜਾ ਰਿਹਾ ਸੀ। ਟਾਇਰ ਫਟਣ ਨਾਲ ਉਹ ਸੀਟ ਤੋਂ ਹੇਠਾਂ ਡਿੱਗ ਪਿਆ। ਨੈਸ਼ਨਲ ਹਾਈਵੇ ਅਥਾਰਟੀ ਦੀ ਐਂਬੂਲੈਂਸ ਤੁਰਤ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਬੱਸ ਡਰਾਈਵਰ ਦੀ ਸੂਝ-ਬੂਝ ਕਾਰਨ ਇਕ ਵੱਡਾ ਹਾਦਸਾ ਟਲ ਗਿਆ। ਡਰਾਈਵਰ ਨੇ ਬੱਸ ‘ਤੇ ਕੰਟਰੋਲ ਬਣਾਈ ਰੱਖਿਆ, ਇਸ ਤਰ੍ਹਾਂ ਇਸ ਨੂੰ ਪਲਟਣ ਤੋਂ ਰੋਕਿਆ ਗਿਆ। ਪਵਨ ਕੁਮਾਰ ਅਤੇ ਰਾਜਿੰਦਰ ਨਾਮਕ ਐਂਬੂਲੈਂਸ ਕਰਮਚਾਰੀਆਂ ਨੇ ਜ਼ਖ਼ਮੀਆਂ ਦੀ ਮਦਦ ਕੀਤੀ। ਡਰਾਈਵਰ ਨੇ ਇਕ ਹੋਰ ਬੱਸ ਬੁਲਾਈ, ਉਸ ਵਿਚ ਸਵਾਰੀਆਂ ਨੂੰ ਬਿਠਾ ਕੇ ਰਵਾਨਾ ਕਰ ਦਿਤਾ ਗਿਆ।