ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅਫੀਮ ਦੀ ਤਸਕਰੀ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਕੋਰੀਅਰ ਕੰਪਨੀ ਨੇ ਐਕਸਰੇ ਮਸ਼ੀਨ ਰਾਹੀਂ 208 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮ ਦੇਸੀ ਘਿਓ ਦੀਆਂ ਪਿੰਨੀਆਂ ‘ਚ ਅਫੀਮ ਲੁਕੋ ਕੇ ਬਰੈਂਪਟਨ, ਕੈਨੇਡਾ ਭੇਜ ਰਿਹਾ ਸੀ। ਕੋਰੀਅਰ ਕੰਪਨੀ DHL ਐਕਸਪ੍ਰੈਸ ਇੰਡੀਆ ਦੇ ਮੈਨੇਜਰ ਸਲਾਊਦੀਨ ਖਾਨ ਨੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਨਾ ਦਿੱਤੀ। ਜਾਂਚ ਅਧਿਕਾਰੀ ਰਾਮ ਮੂਰਤੀ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ।
ਸਲਾਊਦੀਨ ਨੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੂੰ ਦੱਸਿਆ ਕਿ ਉਹ DHL ਐਕਸਪ੍ਰੈਸ ਇੰਡੀਆ ਦਾ ਅਧਿਕਾਰੀ ਹੈ। ਉਸ ਕੋਲ ਕੋਰੀਅਰ ਨੰਬਰ DHL AWB-4067263270 ਜਸਵੀਰ ਸਿੰਘ ਵਾਸੀ ਪਿੰਡ ਗਿੱਲ ਨੇ ਬਰੈਂਪਟਨ, ਕੈਨੇਡਾ ਲਈ ਪਾਰਸਲ ਬੁੱਕ ਕਰਵਾਇਆ ਸੀ। ਪਾਰਸਲ ਕੰਪਨੀ ਵੱਲੋਂ ਸਕੈਨ ਕਰਨ ‘ਤੇ ਸ਼ੱਕੀ ਨਸ਼ੀਲੇ ਪਦਾਰਥ ਮਿਲੇ ਹਨ। ਪੁਲਿਸ ਦੀ ਹਾਜ਼ਰੀ ਵਿੱਚ ਜਦੋਂ ਪਾਰਸਲ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਦੋ ਟੀ-ਸ਼ਰਟਾਂ, ਦੋ ਜੈਕਟਾਂ ਅਤੇ ਇੱਕ ਪਿੰਨੀਆਂ ਦਾ ਡੱਬਾ ਮਿਲਿਆ।
DHL ਐਕਸਪ੍ਰੈਸ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਦੋਂ ਪਿੰਨੀਆਂ ਦੇ ਡੱਬੇ ਨੂੰ ਤੋੜਿਆ ਗਿਆ ਤਾਂ ਉਸ ਵਿੱਚੋਂ 208 ਗ੍ਰਾਮ ਅਫੀਮ ਬਰਾਮਦ ਹੋਈ। ਸੂਚਨਾ ਮਿਲਣ ‘ਤੋਂ ਬਾਅਦ ਪੁਲਿਸ ਇਸ ਮਾਮਲੇ ‘ਚ ਦੋਸ਼ੀ ਜਸਵੀਰ ਸਿੰਘ ਦਾ ਪਿਛਲਾ ਰਿਕਾਰਡ ਚੈੱਕ ਕਰ ਰਹੀ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।