ਅਮਰੀਕੀ ਲੇਖਿਕਾ ਤੇ ਟਿਪਟੀਕਾਰ ਐਨ ਕੂਲਟਰ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਰੀਪਬਲਿਕਨ ਉਮੀਦਵਾਰ ਵਜੋਂ ਚਰਚਿਤ ਹੋਏ ਵਿਵੇਕ ਰਾਮਾਸਵਾਮੀ ਨੂੰ ਉਨ੍ਹਾਂ ਨੇ ਸਿਰਫ਼ ਇਸ ਲਈ ਵੋਟ ਨਹੀਂ ਪਾਉਣੀ ਸੀ ਕਿਉਂਕਿ ਉਹ ਇਕ ਭਾਰਤੀ ਹਨ। ਲੇਖਿਕਾ ਨੇ ਇਹ ਪ੍ਰਗਟਾਵਾ ਭਾਰਤੀ ਮੂਲ ਦੇ ਉਮੀਦਵਾਰ ਨਾਲ ਗੱਲਬਾਤ ਦੌਰਾਨ ਆਪਣੇ ਪੌਡਕਾਸਟ ‘ਟਰੁੱਥ’ ’ਤੇ ਕੀਤਾ ਹੈ। ਉਸੇ ਗੱਲਬਾਤ ’ਚ ਲੇਖਿਕਾ ਨੇ ਕਿਹਾ,‘ਮੈਂ ਤੁਹਾਨੂੰ ਵੋਟ ਨਹੀਂ ਪਾਉਣੀ ਸੀ ਕਿਉਂਕਿ ਤੁਸੀਂ ਇਕ ਭਾਰਤੀ ਹੋ।’

    ਬਾਅਦ ’ਚ ਰਾਮਾਸਵਾਮੀ ਨੇ ਕਿਹਾ ਕਿ ਉਹ ਭਾਵੇਂ ਲੇਖਿਕਾ ਨਾਲ ਅਸਹਿਮਤ ਹਨ ਪਰ ਫਿਰ ਵੀ ਉਨ੍ਹਾਂ ਦੀ ਕਦਰ ਕਰਦੇ ਹਨ ਕਿਉਂਕਿ ਉਨ੍ਹਾਂ ’ਚ ਆਪਣੇ ਮਨ ਅੰਦਰਲੀ ਗੱਲ ਆਖਣ ਦਾ ਜੇਰਾ ਤਾਂ ਹੈ। ਹੁਣ ਸੋਸ਼ਲ ਮੀਡੀਆ ’ਤੇ ਅਮਰੀਕੀ ਲੇਖਿਕਾ ਦੀ ਉਪਰੋਕਤ ਟਿਪਣੀ ਕਾਰਨ ਤਿੱਖੀ ਆਲੋਚਨਾ ਹੋ ਰਹੀ ਹੈ। ਉਨ੍ਹਾਂ ਨੂੰ ਇਕ-ਪਾਸੜ ਅਤੇ ਪਖਪਾਤੀ ਕਰਾਰ ਦਿਤਾ ਜਾ ਰਿਹਾ ਹੈ।

    ਇਥੇ ਵਰਨਣਯੋਗ ਹੈ ਕਿ ਪਹਿਲਾਂ ਰਾਮਾਸਵਾਮੀ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸਨ ਪਰ ਬਾਅਦ ’ਚ ਉਨ੍ਹਾਂ ਨੇ ਡੋਨਾਲਡ ਟਰੰਪ ਦੇ ਹੱਕ ’ਚ ਆਪਣੀ ਉਮੀਦਵਾਰੀ ਦਾ ਦਾਅਵਾ ਵਾਪਸ ਲੈ ਲਿਆ ਸੀ। ਇਸੇ ਲਈ ਹੁਣ ਉਨ੍ਹਾਂ ਕਿਹਾ ਹੈ ਕਿ ਟਰੰਪ ਨੇ ਪਾਰਟੀ ਪੱਧਰ ਦੀ ਚੋਣ ’ਚ ਜਿੱਤਾਂ ਹਾਸਲ ਕੀਤੀਆਂ ਹਨ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਹੁਣ ‘ਅਸੀਂ ਆਪਣੀ ਅਮੈਰਿਕਾ ਫ਼ਸਟ ਮੁਹਿੰਮ ਨੂੰ ਇਕ ਨਵੇਂ ਪੱਧਰ ’ਤੇ ਲੈ ਕੇ ਜਾਵਾਂਗੇ।’