ਫੁੱਟਬਾਲ, ਇੱਕ ਅਜਿਹਾ ਖੇਡ ਜੋ ਕਿ ਜ਼ਿਆਦਾਤਰ ਦੁਨੀਆਂ ਭਰ ‘ਚ ਖੇਡਿਆ ਜਾਂਦਾ ਹੈ ਭਾਰਤ ਵਿੱਚ ਵੀ ਇਸ ਖੇਡ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਸਾਲ ਦਰ ਸਾਲ ਕ੍ਰਿਕੇਟ ਦੇ ਕਈ ਵਿਸ਼ਵ ਕੱਪ ਆਉਂਦੇ ਹਨ ਤੇ ਭਾਰਤ ਦਾ ਸਮਰਥਨ ਕਰਨ ਲਈ ਪੂਰਾ ਦੇਸ਼ ਇੱਕਜੁਟ ਹੋ ਜਾਂਦਾ ਹੈ। ਠੀਕ ਇਸੇ ਤਰ੍ਹਾਂ ਭਾਰਤ ਦੇ ਲੋਕ ਫੁੱਟਬਾਲ ਲਈ ਅਜਿਹਾ ਹੀ ਕੁਝ ਸੋਚਦੇ ਹਨ। ਦਹਾਕਿਆਂ ਤੋਂ ਭਾਰਤੀ ਇਸ ਸੁਪਨੇ ਤੋਂ ਵਾਂਝੇ ਰਹੇ ਹਨ ਕਿ ਭਾਰਤ ਦੀ ਫੁੱਟਬਾਲ ਦੀ ਟੀਮ FIFA ਵਰਲਡ ਕੱਪ ਖੇਡੇ ਪਰ ਅਫਸੋਸ ਇਹ ਸੁਪਨਾ ਹਰ ਵਾਰ ਟੁੱਟਦਾ ਹੀ ਨਜ਼ਰ ਆਉਂਦਾ ਹੈ। ਭਾਰਤ ਦੇ ਦਿੱਗਜ਼ ਫੁੱਟਬਾਲਰ ਸੁਨੀਲ ਛੇਤ੍ਰੀ ਦੇ ਸਨਿਆਸ ਲੈਣ ਤੋਂ ਬਾਅਦ ਮੰਨੋ ਭਾਰਤੀ ਫੁੱਟਬਾਲ ਟੀਮ ਦੇ ਪ੍ਰਸ਼ੰਸਕਾਂ ਦੇ ਉਹ ਆਖਰੀ ਉਮੀਦ ਵੀ ਛੱਡ ਦਿੱਤੀ ਸੀ। ਪਰ ਫਿਰ ਭਾਰਤ ਦੀ ਨੌਜਵਾਨ ਫੁੱਟਬਾਲ ਟੀਮ ਨੇ ਕਰੋੜਾਂ ਭਾਰਤੀਆਂ ਦੇ ਸੁਪਨਿਆਂ ਨੂੰ ਆਪਣੇ ਮੋਢਿਆਂ ‘ਤੇ ਧਰ ਕੇ ਉਹ ਮੈਚ ਖੇਡਿਆ ਜਿਹੜਾ ਕਿ FIFA ਵਰਲਡ ਕੱਪ 2026 ਦੇ ਲਈ ਕੁਆਲੀਫਾਈ ਕਰਨ ਦੀ ਮੁਹਿੰਮ ‘ਚ ਉਨ੍ਹਾਂ ਨੂੰ ਜਿਉਂਦਾ ਰੱਖਦਾ। ਮੈਚ ਸੀ FIFA ਦੀ 34ਵੀਂ ਰੈਂਕ ‘ਤੇ ਬੈਠੀ ਕਤਰ ਤੇ FIFA ਦੀ 121ਵੀਂ ਰੈਂਕ ਵਾਲੀ ਟੀਮ ਭਾਰਤ ਵਿਚਕਾਰ। ਇਹ ਮੈਚ ਦੋਹਾ ਦੇ ਜੱਸਿਮ ਬਿਨ ਹਮਦ ਸਟੇਡੀਅਮ ਵਿੱਚ ਮੰਗਲਵਾਰ ਨੂੰ ਖੇਡਿਆ ਗਿਆ ਸੀ ਪਰ ਇਸ ਦੌਰਾਨ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ। ਮੇਜ਼ਬਾਨ ਟੀਮ ਕਤਰ ਨੇ ਮੁਕਾਬਲਾ ਬਰਾਬਰ ਕਰਨ ਲਈ ਇੱਕ ਵਿਵਾਦਪੂਰਨ ਗੋਲ ਕੀਤਾ ਜਿਸ ਤੋਂ ਬਾਅਦ ਭਾਰਤ ਉਸ ਵਿਵਾਦਿਤ ਗੋਲ ਤੋਂ ਉਭਰਨ ਵਿੱਚ ਕਾਮਯਾਬ ਨਹੀਂ ਹੋ ਸਕਿਆ, ਅਤੇ 1-2 ਦੀ ਹਾਰ ਨਾਲ ਭਾਰਤ ਦਾ ਵਿਸ਼ਵ ਕੱਪ ਖੇਡਣ ਦਾ ਸੁਪਨਾ ਵੀ ਟੁੱਟ ਗਿਆ।
ਲਲੀਅਨਜ਼ੁਆਲਾ ਛਾਂਗਟੇ ਨੇ ਮੁਕਾਬਲੇ ਦੇ 37ਵੇਂ ਮਿੰਟ ਵਿੱਚ ਭਾਰਤ ਨੂੰ ਯੋਗ ਬੜ੍ਹਤ ਦਿਵਾਈ ਅਤੇ ਸੁਨੀਲ ਛੇਤਰੀ ਦੇ ਸੰਨਿਆਸ ਤੋਂ ਬਾਅਦ ਆਪਣੇ ਪਹਿਲੇ ਮੈਚ ਵਿੱਚ ਵੱਡੀ ਜਿੱਤ ਦਰਜ ਕਰਨ ਦੀ ਕਗਾਰ ‘ਤੇ ਖੜ੍ਹੀ ਸੀ, ਪਰ ਵਿਵਾਦ ਤੋਂ ਬਾਅਦ ਗੁਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਵਾਲੀ ਟੀਮ ਆਪਣਾ ਮਨੋਬਲ ਖੋਹ ਬੈਠੀ। ਦਰਅਸਲ ਵਿਵਾਦ ਮੈਚ ਦੇ 73ਵੇਂ ਮਿੰਟ ਵਿੱਚ ਹੋਇਆ ਜਦੋਂ ਗੇਂਦ ਸਪੱਸ਼ਟ ਤੌਰ ‘ਤੇ ਮੈਦਾਨ ਤੋਂ ਬਾਹਰ ਹੋ ਗਈ ਸੀ ਪਰ ਕਤਰ ਨੇ ਬਾਹਰੋਂ ਗੇਂਦ ਖਿੱਚ ਕੇ ਗੋਲ ਕਰ ਸਕੋਰ ਬਰਾਬਰ ਕਰ ਦਿੱਤਾ। ਅਲ-ਹਾਸ਼ਮੀ ਨੇ ਫੁੱਟਬਾਲ ਨੂੰ ਮੈਦਾਨ ਦੇ ਬਾਹਰ ਤੋਂ ਖਿਚਿਆ ਅਤੇ ਅਯਮਨ ਨੇ ਇਸ ਨੂੰ ਗੋਲ ਕਰਨ ਲਈ ਟੈਪ ਕੀਤਾ।ਕਤਰ ਦੇ ਖਿਡਾਰੀ ਇਸ ਦਾ ਜਸ਼ਨ ਮਨਾਉਣ ਲੱਗ ਗਏ, ਦੂਜੇ ਪਾਸੇ ਭਾਰਤੀ ਖਿਡਾਰੀਆਂ ਨੇ ਸਖ਼ਤ ਵਿਰੋਧ ਵੀ ਕੀਤਾ। ਸੰਧੂ ਨੇ ਲਾਈਨ ਰੈਫਰੀ ਨੂੰ ਦੱਸਿਆ ਵੀ ਕਿ ਗੇਂਦ ਖੇਡ ਤੋਂ ਬਾਹਰ ਸੀ ਪਰ ਕਿਸੇ ਵੀ ਮੈਚ ਅਧਿਕਾਰੀ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਭਾਰਤ ਕੋਲ VAR ਦਾ ਕੋਈ ਵਿਕਲਪ ਮੌਜੂਦ ਨਹੀਂ ਸੀ ਜਿਸ ਕਰਕੇ ਭਾਰਤ ਨੂੰ ਰੈਫਰੀ ਦੇ ਬੇਇਨਸਾਫ਼ੀ ਫੈਸਲੇ ਨੂੰ ਮੰਨਣਾ ਪਿਆ। ਇਸਦੇ ਨਾਲ ਹੀ ਭਾਰਤ ਦਾ FIFA ਵਰਲਡ ਕੱਪ ਖੇਡਣ ਦਾ ਸੁਪਨਾ ਟੁੱਟ ਗਿਆ।