ਖਰੜ ਟ੍ਰਿਪਲ ਮਰਡਰ ਮਾਮਲੇ ‘ਚ 2 ਸਾਲ ਦੇ ਅਨਹਦ ਦੀ ਲਾਸ਼ ਬਰਾਮਦ ਕਰ ਲਈ ਗਈ। ਅਨਹਦ ਦੀ ਲਾਸ਼ ਖਨੌਰੀ ਨਹਿਰ ਵਿੱਚੋਂ ਮਿਲੀ ਹੈ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਡੈੱਡਬਾਡੀ ਬਰਾਮਦ ਕੀਤੀ। ਦੱਸ ਦਈਏ ਕਿ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ, ਭਰਜਾਈ ਅਤੇ 2 ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ ਸੀ। ਪਰਿਵਾਰਕ ਝਗੜੇ ਕਾਰਨ ਦੋਸ਼ੀ ਲਖਬੀਰ ਸਿੰਘ ਨੇ ਆਪਣੇ ਦੋਸਤ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ। ਮੁਲਜ਼ਮ ਲਖਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਵੀਰਵਾਰ ਨੂੰ ਖਰੜ ਦੇ ਝੁੱਗੀਆਂ ਰੋਡ ‘ਤੇ ਸਥਿਤ ਇਕ ਘਰ ‘ਚ ਵਾਪਰੀ। ਰਾਤ ਕਰੀਬ 10 ਵਜੇ ਕਤਲ ਦਾ ਪਤਾ ਲੱਗਾ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਨਿਊਜ਼ 18 ਨੂੰ ਫੋਨ ‘ਤੇ ਦੱਸਿਆ ਕਿ ਦੋਸ਼ੀ ਨੇ ਉਸ ਦੇ ਵੱਡੇ ਭਰਾ ਸਤਬੀਰ ਸਿੰਘ (32), ਉਸ ਦੀ ਪਤਨੀ ਅਮਨਦੀਪ ਕੌਰ (29) ਅਤੇ ਉਨ੍ਹਾਂ ਦੇ ਦੋ ਸਾਲ ਦੇ ਬੇਟੇ ਅਨਹਦ ਦਾ ਕਤਲ ਕਰ ਦਿੱਤਾ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਨੇ ਪਹਿਲਾਂ ਆਪਣੀ ਭਰਜਾਈ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਜਿਵੇਂ ਹੀ ਉਸ ਦਾ ਭਰਾ ਡਿਊਟੀ ਤੋਂ ਬਾਅਦ ਘਰ ਪਹੁੰਚਿਆ ਤਾਂ ਉਸ ਨੇ ਕੁਹਾੜੀ ਨਾਲ ਉਸ ਦਾ ਕਤਲ ਕਰ ਦਿੱਤਾ। ਬਾਅਦ ਵਿੱਚ ਦੋਵੇਂ ਲਾਸ਼ਾਂ ਨੂੰ ਭਰਾ ਦੀ ਸਵਿਫਟ ਕਾਰ ਵਿੱਚ ਰੱਖ ਕੇ ਰੋਪੜ ਨਹਿਰ ਵਿੱਚ ਸੁੱਟ ਦਿੱਤਾ ਗਿਆ। ਇਸੇ ਤਰ੍ਹਾਂ ਇੱਕ 2 ਸਾਲ ਦੇ ਮਾਸੂਮ ਬੱਚੇ ਨੂੰ ਜ਼ਿੰਦਾ ਮੋਰਿੰਡਾ ਨਹਿਰ ਵਿੱਚ ਸੁੱਟ ਦਿੱਤਾ ਗਿਆ। ਹਾਲਾਂਕਿ ਇਸ ਪੂਰੇ ਮਾਮਲੇ ‘ਚ ਦੋਸ਼ੀ ਲਖਬੀਰ ਦੇ ਸਾਥੀ ਗੁਰਦੀਪ ਸਿੰਘ ਨੇ ਵੀ ਉਸਦਾ ਸਾਥ ਦਿੱਤਾ ਹੈ, ਜੋ ਕਿ ਫਰਾਰ ਦੱਸਿਆ ਜਾਂਦਾ ਹੈ।
ਪੁਲਿਸ ਮੁਤਾਬਕ ਇਸ ਪੂਰੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿੱਚ ਧਾਰਾ 302, 34 ਅਤੇ 201 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।